ਬੰਗਾ - ਸਥਾਨਕ ਪੁਲੀਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ’ਤੇ ਪਰਚਾ ਦਰਜ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਸਾਰਾ ਦਿਨ ਸ਼ਹਿਰ ਅੰਦਰ ਤਣਾਅ ਦਾ ਮਾਹੌਲ ਬਣਿਆ ਰਿਹਾ। ਦਲਿਤ ਭਾਈਚਾਰੇ ਨੇ ਅੱਜ ਪਹਿਲਾਂ ਜਥੇਦਾਰ ਭੌਰ ਦੇ ਘਰ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ ਜਥੇਦਾਰ ਭੌਰ ਵੱਲੋਂ ਮਰਹੂਮ ਸੰਤ ਰਾਮਾਨੰਦ ਡੇਰਾ ਬੱਲਾਂ ਖਿਲਾਫ਼ ਵਰਤੀ ਇਤਰਾਜ਼ਯੋਗ ਭਾਸ਼ਾ ਦੀ ਸਖ਼ਤ ਨਿਖੇਧੀ ਕੀਤੀ। ਉਹ ਮੰਗ ਕਰ ਰਹੇ ਸਨ ਕਿ ਉਕਤ ਵਿਅਕਤੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲੀਸ ਵੱਲੋਂ ਮਾਹੌਲ ਵਿਗੜਦਿਆਂ ਦੇਖ ਕੇ ਜਥੇਦਾਰ ਭੌਰ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਵੱਖ ਵੱਖ ਧਾਰਾਵਾਂ ਤਹਿਤ ਸਥਾਨਕ ਸਿਟੀ ਥਾਣੇ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਜਥੇਦਾਰ ਭੌਰ ਦੇ ਘਰ ਅੱਗੇ ਪੁਲੀਸ ਤਾਇਨਾਤ ਕੀਤੀ ਗਈ ਅਤੇ ਸ਼ਹਿਰ ਨੂੰ ਆਉਂਦੇ ਸਾਰੇ ਸੰਪਰਕ ਰਸਤਿਆਂ ’ਤੇ ਨਾਕਾਬੰਦੀ ਕੀਤੀ ਗਈ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਨੇ ਸੀਨੀਅਰ ਪੁਲੀਸ ਕਪਤਾਨ ਦੀ ਅਗਵਾਈ ਹੇਠ ਸ਼ਹਿਰ ’ਚ ਮਾਰਚ ਵੀ ਕੀਤਾ। ਪੰਜਾਬ ਪੁਲੀਸ ਦੇ ਆਈਜੀ ਰਣਬੀਰ ਸਿੰਘ ਖੱਟੜਾ ਨੇ ਸਥਾਨਕ ਸਿਟੀ ਥਾਣੇ ਵਿੱਚ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਉਕਤ ਮਾਮਲੇ ਸਬੰਧੀ ਪਰਚਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਜੱਥੇਦਾਰ ਭੋਰ ਵਲੋਂ ਆਪਣੇ ਭਾਸ਼ਣ ’ਚ ਉਕਤ ਭਾਸ਼ਾ ਵਰਤੀ ਗਈ, ਜਿਸ ਦੀ ਵੀਡੀਓ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਪਾਏ ਜਾਣ ਕਰਕੇ ਦਲਿਤ ਭਾਈਚਾਰੇ ’ਚ ਰੋਸ ਸੀ।


