ਚੰਡੀਗੜ੍ਹ - ਦੇਸ਼ 'ਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਨੂੰ ਲੈ ਕੇ ਖ਼ਾਸ ਚੌਕਸੀ ਵਰਤੀ ਜਾ ਰਹੀ ਹੈ | ਇਸ ਦੇ ਬਾਵਜੂਦ ਓਮੀਕਰੋਨ ਦੇ ਮਾਮਲਿਆਂ 'ਚ ਵਾਧਾ ਜਾਰੀ ਹੈ | ਓਮੀਕਰੋਨ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ, ਦਿੱਲੀ ਅਤੇ 6 ਹੋਰ ਰਾਜਾਂ ਤੱਕ ਪਹੁੰਚ ਗਿਆ ਹੈ | ਐਤਵਾਰ ਨੂੰ ਆਂਧਰਾ ਪ੍ਰਦੇਸ਼, ਕੇਰਲ ਅਤੇ ਚੰਡੀਗੜ੍ਹ 'ਚ ਇਸ ਨਵੇਂ ਰੂਪ ਦੇ ਪਹਿਲੇ ਮਾਮਲੇ ਸਾਹਮਣੇ ਆਏ ਹਨ ਜਦਕਿ ਮਹਾਰਾਸ਼ਟਰ ਅਤੇ ਕਰਨਾਟਕਾ 'ਚ ਵੀ 1-1 ਹੋਰ ਓਮੀਕਰੋਨ ਦਾ ਮਾਮਲਾ ਮਿਲਿਆ ਹੈ | ਇਨ੍ਹਾਂ ਨੂੰ ਨਾਲ ਜੋੜਕੇ ਦੇਸ਼ 'ਚ ਹੁਣ ਤੱਕ ਓਮੀਕਰੋਨ ਦੇ 38 ਮਾਮਲੇ ਸਾਹਮਣੇ ਆ ਚੁੱਕੇ ਹਨ | ਇਸ ਤਰ੍ਹਾਂ ਮਹਾਰਾਸ਼ਟਰ 'ਚ 18, ਰਾਜਸਥਾਨ 'ਚ 9, ਕਰਨਾਟਕ 'ਚ 3, ਗੁਜਰਾਤ 'ਚ 3, ਦਿੱਲੀ 'ਚ 2, ਆਂਧਰਾ ਪ੍ਰਦੇਸ਼, ਚੰਡੀਗੜ੍ਹ ਅਤੇ ਕੇਰਲ 'ਚ ਕ੍ਰਮਵਾਰ 1-1 ਕੇਸ ਸਾਹਮਣੇ ਆਇਆ ਹੈ | ਕੇਰਲ ਦੇ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਕੋਚਿਨ 'ਚ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ | ਉਕਤ ਪੀੜਤ ਵਿਅਕਤੀ 6 ਦਸੰਬਰ ਨੂੰ ਇੰਗਲੈਂਡ ਤੋਂ ਆਇਆ ਸੀ | ਉਸ ਦੀ ਪਤਨੀ ਅਤੇ ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ | ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ 'ਚ ਆਇਰਲੈਂਡ ਤੋਂ ਪਹੁੰਚੇ ਇਕ ਵਿਦੇਸ਼ ਯਾਤਰੀ 'ਚ ਓਮੀਕਰੋਨ ਦੀ ਪੁਸ਼ਟੀ ਹੋਈ ਹੈ | ਸੂਬੇ 'ਚ ਇਹ ਪਹਿਲਾ ਮਾਮਲਾ ਹੈ |


