ਸੁਰਿੰਦਰ ਕੋਛੜ - ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ-ਗਿਣਤੀ ਸਿੱਖ ਭਾਈਚਾਰੇ ਲਈ ਸਾਲ 2021 ਕਈ ਤਰ੍ਹਾਂ ਦੇ ਉਤਾਰ-ਚੜ੍ਹਾਉ ਵਾਲਾ ਰਿਹਾ | ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਿਰਦੇਸ਼ਾਂ ਹੇਠ ਸ੍ਰੀ ਨਨਕਾਣਾ ਸਾਹਿਬ 'ਚ ਕਬਜਾਧਾਰੀਆਂ ਤੋਂ ਵਕਫ਼ ਦੀ 107 ਏਕੜ ਭੂਮੀ ਕਬਜ਼ਾ ਮੁਕਤ ਕਰਵਾ ਕੇ ਲਗਪਗ 600 ਕਰੋੜ ਦੀ ਲਾਗਤ ਨਾਲ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦੀ ਉਸਾਰੀ ਦਾ ਪਹਿਲਾ ਪੜਾਅ ਮੁਕੰਮਲ ਕੀਤਾ ਜਾਣਾ ਅਤੇ 16 ਮਾਰਚ 2020 ਨੂੰ ਕੋਰੋਨਾ ਦੇ ਲਗਾਤਾਰ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਬੰਦ ਕੀਤੇ ਕਰਤਾਰਪੁਰ ਲਾਂਘੇ ਦਾ ਲਗਪਗ 20 ਮਹੀਨਿਆਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਮੁੜ ਖੁੱਲਣਾ ਰਾਹਤ ਵਾਲੀਆਂ ਖ਼ਬਰਾਂ ਰਹੀਆਂ | 17 ਨਵੰਬਰ ਨੂੰ ਲਾਂਘਾ ਖੁੱਲ੍ਹਣ 'ਤੇ ਡੇਰਾ ਬਾਬਾ ਨਾਨਕ ਸਰਹੱਦ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿ ਪਹੁੰਚਣ ਵਾਲੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉਪ ਕੁਲਪਤੀ ਬੀਬੀ ਡਾ. ਨੀਲਮ ਗਰੇਵਾਲ ਪਹਿਲੇ ਭਾਰਤੀ ਯਾਤਰੂ ਸਨ | ਇਸ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਭਾਜਪਾ ਆਗੂਆਂ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਦਿ ਸਮੇਤ ਸੈਂਕੜੇ ਹੋਰਨਾਂ ਭਾਰਤੀ ਸ਼ਰਧਾਲੂਆਂ ਨੇ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ | ਪਿਛਲੇ ਵਰ੍ਹੇ ਦੌਰਾਨ 15 ਸਤੰਬਰ ਨੂੰ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੇ ਵੱਡਾ ਫ਼ੈਸਲਾ ਲੈਂਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਦੀ ਜਗ੍ਹਾ ਕਮੇਟੀ ਦੇ ਜਨਰਲ ਸਕੱਤਰ ਅਮੀਰ ਸਿੰਘ ਨੂੰ ਪ੍ਰਧਾਨ ਅਤੇ ਵਿਕਾਸ ਸਿੰਘ ਖ਼ਾਲਸਾ ਨੂੰ ਜਨਰਲ ਸਕੱਤਰ ਨਿਯੁਕਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ | ਹਾਲਾਂਕਿ, ਨਵੇਂ ਬਣੇ ਪ੍ਰਧਾਨ ਨੂੰ ਅਹੁਦਾ ਸੰਭਾਲਣ ਦੇ ਜਲਦੀ ਬਾਅਦ ਪਾਕਿ ਸਥਿਤ ਗੁਰਦੁਆਰਿਆਂ 'ਚ ਚੜ੍ਹਾਵੇ ਦੀ ਰਕਮ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ | ਉਕਤ ਦੇ ਇਲਾਵਾ 30 ਸਤੰਬਰ ਨੂੰ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਪਿਸ਼ਾਵਰ ਦੇ ਪ੍ਰਸਿੱਧ ਹਕੀਮ ਸਤਨਾਮ ਸਿੰਘ ਦੀ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਕਰਕੇ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਗ੍ਰੰਥੀ ਭਾਈ ਪ੍ਰੀਤਮ ਸਿੰਘ ਦੀ ਪੁੱਤਰੀ ਬੁਲਬੁਲ ਕੌਰ, ਪਿਸ਼ਾਵਰ ਦੀ ਰੇਸ਼ਮਾ ਕੌਰ ਆਦਿ ਸਿੱਖ ਬੱਚੀਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਹੀ ਹਕੀਮ ਰਣਜੀਤ ਸਿੰਘ ਦੀ ਪੁੱਤਰੀ ਰਜਮੀਤ ਕੌਰ ਦੇ ਧਰਮ ਪਰਿਵਰਤਨ ਦੇ ਮਾਮਲੇ ਤੇ ਹੋਰ ਘਟਨਾਵਾਂ ਨੂੰ ਲੈ ਕੇ ਸਮੁੱਚੇ ਸਿੱਖ ਜਗਤ 'ਚ ਪਾਕਿ ਸਰਕਾਰ ਪ੍ਰਤੀ ਰੋਸ ਬਣਿਆ ਰਿਹਾ | ਉਕਤ ਸਭ ਦੇ ਬਾਵਜੂਦ ਗੁੱਜਰਾਂਵਾਲਾ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ 'ਚ ਮੌਜੂਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੇ ਬਾਹਰੀ ਹਿੱਸੇ ਤੇ ਉਨ੍ਹਾਂ ਦੇ ਪਿਤਾ ਮਹਾਂ ਸਿੰਘ ਦੀ ਸਮਾਧ ਨੂੰ ਕਬਜਾ ਮੁਕਤ ਕਰਾਉਣਾ, ਗੁਰਦੁਆਰਾ ਭਾਈ ਕੇ ਮੱਟੂ (ਨੌਸ਼ਹਿਰਾ ਵਿਰਕਾਂ), ਕਿਲ੍ਹਾ ਰੋਹਤਾਸ ਵਿਚਲੇ ਗੁਰਦੁਆਰਾ ਚੋਆ ਸਾਹਿਬ, ਜਨਮ ਅਸਥਾਨ ਮਾਤਾ ਸਾਹਿਬ ਕੌਰ, ਗੁਰਦੁਆਰਾ ਕਰਮ ਸਿੰਘ ਆਦਿ ਦੀ ਉਸਾਰੀ ਸ਼ੁਰੂ ਕਰਨਾ ਪਾਕਿ ਸਰਕਾਰ ਦੀਆਂ 2021 ਦੀਆਂ ਸ਼ਲਾਘਾਯੋਗ ਕਾਰਵਾਈਆਂ ਰਹੀਆਂ |


