ਨਵੀਂ ਦਿੱਲੀ/ਚੰਡੀਗੜ੍ਹ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਗਾਮੀ ਪੰਜਾਬ ਚੋਣਾਂ ਤੋਂ ਪਹਿਲਾਂ ਆਪਣੀ ਤਜਵੀਜ਼ਤ ਫ਼ਿਰੋਜ਼ਪੁਰ ਫੇਰੀ ‘ਸੁਰੱਖਿਆ ਵਿੱਚ ਖਾਮੀਆਂ’ ਕਹਿਕੇ ਅੱਧ ਵਿਚਾਲੇ ਛੱਡ ਦਿੱਤੀ। ਬਠਿੰਡਾ ਤੋਂ ਹੁਸੈਨੀਵਾਲਾ ਲਈ ਸੜਕ ਰਸਤੇ ਨਿਕਲੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਰੋਕਣ ਕਰਕੇ ਫਲਾਈਓਵਰ ’ਤੇ 20 ਮਿੰਟ ਦੇ ਕਰੀਬ ਪ੍ਰੇਸ਼ਾਨ ਹੋਣਾ ਪਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਪੂਰੇ ਘਟਨਾਕ੍ਰਮ ’ਤੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕਰਦਿਆਂ ‘ਸੁਰੱਖਿਆ ਵਿੱਚ ਕੁਤਾਹੀ’ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਬਠਿੰਡਾ ਹਵਾਈ ਅੱਡੇ ’ਤੇ ਉਤਰੇ। ਤਜਵੀਜ਼ਤ ਪ੍ਰੋਗਰਾਮ ਮੁਤਾਬਕ ਪ੍ਰਧਾਨ ਮੰਤਰੀ ਨੇ ਇਥੋਂ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਸਥਿਤ ਕੌਮੀ ਸ਼ਹੀਦੀ ਯਾਦਗਾਰ ’ਤੇ ਜਾਣਾ ਸੀ। ਮੀਂਹ ਤੇ ਧੁੰਦ ਕਰਕੇ ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ’ਤੇ ਹੀ 20 ਮਿੰਟ ਤੱਕ ਮੌਸਮ ਸਾਫ਼ ਹੋਣ ਦੀ ਉਡੀਕ ਕੀਤੀ। ਬਿਆਨ ਅਨੁਸਾਰ, ‘‘ਜਦੋਂ ਮੌਸਮ ਸਾਫ਼ ਨਾ ਹੋਇਆ ਤਾਂ ਕੌਮੀ ਸ਼ਹੀਦੀ ਯਾਦਗਾਰ ਤੱਕ ਸੜਕੀ ਰਸਤੇ ਜਾਣ ਦਾ ਫੈਸਲਾ ਕੀਤਾ ਗਿਆ। ਇਹ ਫਾਸਲਾ ਦੋ ਘੰਟਿਆਂ ਵਿੱਚ ਤੈਅ ਕੀਤਾ ਜਾਣਾ ਸੀ। ਡੀਜੀਪੀ ਪੰਜਾਬ ਵੱਲੋਂ ਸੁਰੱਖਿਆ ਪ੍ਰਬੰਧਾਂ ਬਾਰੇ ਲੋੜੀਂਦੀ ਪੁਸ਼ਟੀ ਮਗਰੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਸੜਕ ਰਸਤੇ ਹੁਸੈਨੀਵਾਲਾ ਲਈ ਨਿਕਲ ਪਿਆ।’’
ਯਾਦਗਾਰ ਤੋਂ ਕਰੀਬ 30 ਕਿਲੋਮੀਟਰ ਦੂਰ ਸ੍ਰੀ ਮੋਦੀ ਦਾ ਕਾਫ਼ਲਾ ਇਕ ਫਲਾਈਓਵਰ ’ਤੇ ਪੁੱਜਾ ਤਾਂ ਪਤਾ ਲੱਗਾ ਕਿ ਅੱਗੇ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕੀਤੀ ਹੋਈ ਹੈ। ਬਿਆਨ ਵਿੱਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ (ਕਾਫ਼ਲਾ) 15 ਤੋਂ 20 ਮਿੰਟ ਤੱਕ ਫਲਾਈਓਵਰ ਉਪਰ ਫਸੇ ਰਹੇ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਹੀ ਹੈ।’’ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਮਗਰੋਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੇ ਸ਼ਹੀਦੀ ਯਾਦਗਾਰ ’ਚ ਰੱਖੇ ਸਮਾਗਮ ’ਚੋਂ ਬਿਨਾਂ ਹਾਜ਼ਰੀ ਭਰਿਆਂ ਵਾਪਸ ਮੁੜਨ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਫ਼ਿਰੋਜ਼ਪੁਰ ਵਿੱਚ ਰੱਖੀ ਚੋਣ ਰੈਲੀ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ। ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਸੁਰੱਖਿਆ ’ਚ ਕੁਤਾਹੀ ਲਈ ਜ਼ਿੰਮੇਵਾਰੀ ਨਿਰਧਾਰਿਤ ਕਰਨ ਅਤੇ ਸਬੰਧਤਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਕਿਹਾ ਹੈ।
ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਤਜਵੀਜ਼ਤ ਫੇਰੀ ਨੂੰ ਲੈ ਕੇ ਜਦੋਂ ਪੂਰਾ ਪ੍ਰੋਗਰਾਮ ਅਗਾਊਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਤਾਂ ਫਿਰ ਆਵਾਜਾਈ ਤੇ ਸੁਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਦੇ ਨਾਲ ਅਚਨਚੇਤੀ ਘਟਨਾ ਨੂੰ ਰੋਕਣ ਲਈ ਕੋਈ ਯੋਜਨਾ ਕਿਉਂ ਨਹੀਂ ਤਿਆਰ ਕੀਤੀ ਗਈ। ਅਧਿਕਾਰੀ ਨੇ ਕਿਹਾ ਕਿ ਨਿਰਧਾਰਿਤ ਮਾਪਦੰਡਾਂ ਮੁਤਾਬਕ ਸੜਕਾਂ ਨੂੰ ਖਾਲੀ ਕਰਵਾਉਣਾ ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਪੰਜਾਬ ਵਿੱਚ ਅਜਿਹਾ ਕੁਝ ਨਜ਼ਰ ਨਹੀਂ ਆਇਆ।
ਸੁਰੱਖਿਆ ਖਾਮੀਆਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਪੰਜਾਬ ਫੇਰੀ ਵਿਚਾਲੇ ਛੱਡ ਕੇ ਦਿੱਲੀ ਮੁੜਨ ਦਰਮਿਆਨ ਖ਼ਬਰ ਏਜੰਸੀ ਏਐੱਨਆਈ ਨੇ ਇਕ ਟਵੀਟ ਵਿੱਚ ਦਾਅਵਾ ਕੀਤਾ ਕਿ ਸ੍ਰੀ ਮੋਦੀ ਨੇ ਵਾਪਸ ਬਠਿੰਡਾ ਪੁੱਜਣ ’ਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਕਿਹਾ, ‘‘ਆਪਣੇ ਸੀਐੱਮ ਦਾ ਧੰਨਵਾਦ ਕਰਨਾ ਕਿ ਮੈਂ ਬਠਿੰਡਾ ਹਵਾਈ ਅੱਡੇ ਤੋਂ ਜਿਊਂਦਾ ਮੁੜ ਸਕਿਆ।’’ ਕਾਂਗਰਸ ਨੇ ਹਾਲਾਂਕਿ ਸਵਾਲ ਕੀਤਾ ਹੈ ਕਿ ਕੀ ਪ੍ਰਧਾਨ ਮੰਤਰੀ ਨੇ ਸੱਚਮੁੱਚ ਇੰਨੀ ਗੱਲ ਆਖੀ ਹੈ। ਕਾਂਗਰਸ ਨੇ ਹੈਰਾਨਗੀ ਜਤਾਈ ਕਿ ਭਾਜਪਾ ਜਾਂ ਪ੍ਰਧਾਨ ਮੰਤਰੀ ਦਫ਼ਤਰ ਨੇ ਅਜੇ ਤੱਕ ਇਸ ਟਿੱਪਣੀ ਦੀ ਪੁਸ਼ਟੀ ਕਿਉਂ ਨਹੀਂ ਕੀਤੀ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਭਿੱਸੀਆਣਾ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਸ੍ਰੀ ਮੋਦੀ ਆਪਣੀ ਫਿਰੋਜ਼ਪੁਰ ਰੈਲੀ ਲਈ ਰਵਾਨਾ ਹੋਏ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿਚ ਕੋਈ ਕੁਤਾਹੀ ਨਹੀਂ ਹੋਈ ਹੈ| ਉਨ੍ਹਾਂ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ| ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਹੋਣ ਦੀ ਗੱਲ ਦੇ ਜਵਾਬ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਵਾਲੀ ਕੋਈ ਗੱਲ ਨਹੀਂ ਹੈ ਅਤੇ ਕਿਸਾਨ ਅੰਦੋਲਨ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖ਼ਤਰੇ ਨਾਲ ਜੋੜਨਾ ਵੀ ਠੀਕ ਨਹੀਂ ਹੈ| ਮੁੱਖ ਮੰਤਰੀ ਚੰਨੀ ਨੇ ਅਫ਼ਸੋਸ ਵੀ ਜ਼ਾਹਿਰ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ ਅਤੇ ਜੋ ਵੀ ਹੋਇਆ ਹੈ, ਉਸ ਦੀ ਜਾਂਚ ਕੀਤੀ ਜਾਵੇਗੀ| ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਵਿਚ ਕੋਈ ਖ਼ਤਰਾ ਨਹੀਂ ਸੀ ਅਤੇ ਨਾ ਹੀ ਕੋਈ ਹਮਲਾ ਹੋਇਆ ਹੈ| ਮੁੱਖ ਮੰਤਰੀ ਨੇ ਦੱਸਿਆ ਕਿ ਡੀਜੀਪੀ ਵੱਲੋਂ ਭਾਜਪਾ ਨੂੰ ਅਗਾਊਂ ਸੁਚੇਤ ਕੀਤਾ ਗਿਆ ਸੀ ਕਿ ਬਾਰਿਸ਼ ਤੇ ਅੰਦੋਲਨਾਂ ਕਾਰਨ ਪ੍ਰੋਗਰਾਮ ਰੱਦ ਕਰ ਦਿੱਤੇ ਜਾਣ ਤਾਂ ਠੀਕ ਰਹੇਗਾ| ਚੰਨੀ ਨੇ ਕਿਹਾ ਕਿ ਫ਼ਿਰੋਜ਼ਪੁਰ ਰੈਲੀ ਦੇ ਪ੍ਰਬੰਧਾਂ ਵਿਚ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਸੀਮਿਤ ਕੀਤਾ ਹੋਇਆ ਸੀ| ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸੜਕੀ ਰਸਤੇ ਜਾ ਰਹੇ ਸਨ ਤਾਂ ਪੰਜਾਬ ਪੁਲੀਸ ਦੇ ਅਫ਼ਸਰਾਂ ਨੇ ਸੜਕੀ ਜਾਮ ਵਾਲੀ ਜਗ੍ਹਾ ਤੋਂ ਪਹਿਲਾਂ ਹੀ ਕਾਫ਼ਲਾ ਰੋਕ ਕੇ ਜਾਣੂ ਕਰਾ ਦਿੱਤਾ ਸੀ ਅਤੇ ਬਦਲ ਵੀ ਸੁਝਾਏ ਸਨ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਹੀ ਵਾਪਸ ਮੁੜਨ ਦਾ ਫ਼ੈਸਲਾ ਲਿਆ| ਚੰਨੀ ਨੇ ਕਿਹਾ ਕਿ ਕਿਸਾਨ ਵੀ ਅਚਨਚੇਤ ਹੀ ਆ ਕੇ ਸੜਕ ’ਤੇ ਬੈਠੇ ਸਨ ਅਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਦਾ ਸੜਕੀ ਰਸਤੇ ਜਾਣ ਦਾ ਪ੍ਰੋਗਰਾਮ ਐਨ ਮੌਕੇ ’ਤੇ ਬਣਿਆ| ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੱਲੋਂ ਇਸ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ| ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਦੇ ਜਵਾਬ ਵਿਚ ਵੀ ਕਿਹਾ ਕਿ ਇਸ ਮਸਲੇ ’ਤੇ ਬੇਲੋੜੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ|