ਚੰਡੀਗੜ੍ਹ - ਸੰਯੁਕਤ ਸਮਾਜ ਮੋਰਚਾ ਨੇ ‘ਆਪ’ ਨਾਲ ਗੱਲਬਾਤ ਟੁੱਟਣ ਮਗਰੋਂ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਾਲੀ ਸੰਯੁਕਤ ਸੰਘਰਸ਼ ਪਾਰਟੀ ਨਾਲ ਚੋਣ ਗੱਠਜੋੜ ਕਰਨ ਦਾ ਫ਼ੈਸਲਾ ਕੀਤਾ ਹੈ। ਚੋਣ ਜ਼ਾਬਤਾ ਲੱਗਣ ਮਗਰੋਂ ਸੰਯੁਕਤ ਸਮਾਜ ਮੋਰਚਾ ਨੇ ਅੱਜ ਸਾਰੀਆਂ 117 ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਮੋਰਚੇ ਨੇ ਚੋਣਾਂ ਵਿਚ ਸਭ ਵਰਗਾਂ ਦੇ ਉਮੀਦਵਾਰ ਉਤਾਰਨ ਦਾ ਫ਼ੈਸਲਾ ਲਿਆ ਹੈ। ਮੋਰਚੇ ਦਾ ਮੁੱਖ ਦਫ਼ਤਰ ਲੁਧਿਆਣਾ ’ਚ ਅਤੇ ਪਾਰਟੀ ਨੂੰ ਰਜਿਸਟਰਡ ਕਰਾ ਦਿੱਤਾ ਗਿਆ ਹੈ।
ਸੰਯੁਕਤ ਸੰਘਰਸ਼ ਪਾਰਟੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ 10 ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਸੀ ਪ੍ਰੰਤੂ ਉਹ ਅਚਾਨਕ ਹੀ ਸੰਯੁਕਤ ਸਮਾਜ ਮੋਰਚਾ ਦੀ ਮੀਟਿੰਗ ਵਿਚ ਇੱਥੇ ਪੁੱਜ ਗਏ। ਦੋਵੇਂ ਧਿਰਾਂ ਵਿਚ ਗੱਲਬਾਤ ਮਗਰੋਂ ਚੜੂਨੀ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਦੀ ਅਪੀਲ ’ਤੇ ਉਨ੍ਹਾਂ ਉਮੀਦਵਾਰਾਂ ਦਾ ਐਲਾਨ ਰੋਕ ਦਿੱਤਾ ਹੈ ਅਤੇ ਮੋਰਚੇ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਹੈ। ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੜੂਨੀ ਦੀ ਪਾਰਟੀ ਨਾਲ ਰਲ ਕੇ ਚੋਣਾਂ ਲੜਨ ਲਈ ਕਮੇਟੀ ਬਣਾ ਦਿੱਤੀ ਗਈ ਹੈ ਜੋ ਟਿਕਟਾਂ ਦੀ ਅਡਜਸਟਮੈਂਟ ਬਾਰੇ ਗੱਲਬਾਤ ਕਰੇਗੀ। ਮੀਟਿੰਗ ਮਗਰੋਂ ਰਾਜੇਵਾਲ ਨੇ ਕਿਹਾ ਕਿ ‘ਆਪ’ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ ਅਤੇ ਉਹ ਮੋਰਚੇ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਇੱਕ-ਦੋ ਦਿਨਾਂ ਵਿਚ ਜਾਰੀ ਕਰਨਗੇ। ਲਾਂਭੇ ਰਹਿ ਗਈਆਂ ਕਿਸਾਨ ਧਿਰਾਂ ਬਾਰੇ ਰਾਜੇਵਾਲ ਨੇ ਕਿਹਾ,‘‘ਸਾਰੇ ਸਾਡੇ ਭਰਾ ਹਨ ਅਤੇ ਉਹ ਸਾਡੇ ਨਾਲ ਰਹਿਣਗੇ।’’ ਉਨ੍ਹਾਂ ਕਿਹਾ ਕਿ ਸਿਆਸੀ ਜਮਾਤਾਂ ਨੇ ਸੂਬੇ ਦੇ ਸਰੋਤਾਂ ਨੂੰ ਖਾ ਲਿਆ ਹੈ ਜਿਸ ਕਰਕੇ ਅੱਜ ਪੰਜਾਬ ਡੁੱਬ ਰਿਹਾ ਹੈ ਅਤੇ ਉਸ ਨੂੰ ਬਚਾਉਣ ਲਈ ਉਹ ਮੈਦਾਨ ਵਿਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਛੇੜੇ ਅੰਦੋਲਨ ਵਿਚ ਸਾਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਟਿਕਟਾਂ ਵੀ ਸਾਰੇ ਵਰਗਾਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ‘ਆਪ’ ਵਿਚ ਪੈਸੇ ਲੈ ਕੇ ਟਿਕਟਾਂ ਦਿੱਤੇ ਜਾਣ ਦੇ ਸਬੂਤ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਸਨ ਪ੍ਰੰਤੂ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿਚ ਭਾਈਚਾਰਕ ਰਿਸ਼ਤਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਸੰਯੁਕਤ ਸਮਾਜ ਮੋਰਚਾ ਨੇ ਤਿੰਨ ਕਮੇਟੀਆਂ ਦਾ ਐਲਾਨ ਵੀ ਕੀਤਾ ਹੈ। ਇੱਕ ਪੜਤਾਲ ਕਮੇਟੀ ਬਣਾਈ ਗਈ ਹੈ ਜਿਸ ਵਿਚ ਕੁਲਦੀਪ ਸਿੰਘ ਵਜੀਦਪੁਰ, ਕਿਰਪਾ ਸਿੰਘ, ਮੁਕੇਸ਼ ਚੰਦਰ ਸ਼ਰਮਾ, ਪ੍ਰੋ. ਮਨਜੀਤ ਸਿੰਘ, ਸ੍ਰੀ ਰਾਜੂ ਅਤੇ ਕੁਲਵੰਤ ਸਿੰਘ ਸੰਧੂ ਸ਼ਾਮਲ ਕੀਤੇ ਗਏ ਹਨ। ਟਿਕਟਾਂ ਲਈ ਉਮੀਦਵਾਰਾਂ ਦੀ ਘੋਖ ਇਹ ਕਮੇਟੀ ਕਰੇਗੀ। ਮੋਰਚੇ ਨੇ ਇੱਕ ਸੰਸਦੀ ਬੋਰਡ ਵੀ ਬਣਾਇਆ ਹੈ ਜਿਸ ਵਿਚ ਮਨਜੀਤ ਸਿੰਘ ਰਾਏ, ਪ੍ਰੇਮ ਸਿੰਘ ਭੰਗੂ, ਬੋਹੜ ਸਿੰਘ, ਕੇ ਐੱਸ ਸੇਖੋਂ, ਹਰਮਿੰਦਰ ਸਿੰਘ ਗਿੱਲ, ਸ੍ਰੀ ਰਾਜੂ ਅਤੇ ਰੁਲਦੂ ਸਿੰਘ ਮਾਨਸਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜ ਮੈਂਬਰੀ ਮੈਨੀਫੈਸਟੋ ਕਮੇਟੀ ਬਣਾਈ ਗਈ ਹੈ।


