ਬਟਾਲਾ - ਪੰਜਾਬੀ ਸੂਬੇ ਦੀ ਹੋਂਦ ਤੋਂ ਬਾਅਦ ਵਿਧਾਨ ਸਭਾ ਦੀਆਂ ਹੋਈਆਂ 12 ਚੋਣਾਂ ਦੌਰਾਨ ਕਾਂਗਰਸ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਕਿਸੇ ਤੀਜੀ ਸਿਆਸੀ ਪਾਰਟੀ ਨੂੰ ਸੱਤਾ ਦੇ ਨੇੜੇ ਨਹੀਂ ਫਟਕਣ ਨਹੀਂ ਦਿੱਤਾ | ਪੰਜਾਬ ਦੇ ਪੁਨਰ ਗਠਨ ਤੋਂ ਬਾਅਦ 1967 ਤੋਂ ਲੈ ਕੇ 2022 ਤੱਕ ਵਿਧਾਨ ਸਭਾ ਲਈ 12 ਵਾਰ ਚੋਣਾਂ ਹੋ ਚੁੱਕੀਆਂ ਹਨ | ਇਨ੍ਹਾਂ 'ਚੋਂ 6 ਵਾਰ ਕਾਂਗਰਸ ਪਾਰਟੀ ਅਤੇ ਏਨੀ ਵਾਰ ਹੀ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ | ਸਾਲ 1967 ਦੀਆਂ ਚੋਣਾਂ 'ਚ ਅਕਾਲੀ ਦਲ ਸ਼ਾਮਿਲ ਨਹੀਂ ਹੋਇਆ ਸੀ ਪਰ 1969 ਦੀਆਂ ਚੋਣਾਂ 'ਚ 2 ਸਾਲ ਬਾਅਦ ਅਕਾਲੀ ਦਲ, ਕਾਂਗਰਸ ਦੇ ਮੁਕਾਬਲੇ 5 ਸੀਟਾਂ ਵੱਧ ਲੈਣ 'ਚ ਸਫ਼ਲ ਹੋ ਗਿਆ ਸੀ | ਉਸ ਸਮੇਂ ਪੰਜਾਬ ਵਿਧਾਨ ਸਭਾ ਦੀਆਂ 104 ਸੀਟਾਂ ਸਨ | 1972 ਦੀਆਂ ਚੋਣਾਂ ਵਿਚ ਕਾਂਗਰਸ 66 ਸੀਟਾਂ ਲੈਣ 'ਚ ਕਾਮਯਾਬ ਹੋ ਗਈ ਤੇ ਅਕਾਲੀ ਦਲ ਨੂੰ 24 ਸੀਟਾਂ ਮਿਲੀਆਂ | ਸਾਲ 1977 'ਚ ਅਕਾਲੀ ਦਲ ਨੇ 58 ਸੀਟਾਂ ਲਈਆਂ | ਉਸ ਸਮੇਂ ਕਾਂਗਰਸ ਨੂੰ ਕੇਵਲ 17 ਸੀਟਾਂ ਹੀ ਮਿਲੀਆਂ | ਇਹ ਵੀ ਦੱਸ ਦਈਏ ਕਿ 1977 'ਚ ਸੀਟਾਂ ਦੀ ਗਿਣਤੀ ਵਧ ਕੇ 117 ਹੋ ਗਈ ਸੀ | ਸਾਲ 1980 ਦੀਆਂ ਚੋਣਾਂ 'ਚ ਕਾਂਗਰਸ ਨੂੰ 63 ਸੀਟਾਂ ਤੇ ਅਕਾਲੀ ਦਲ ਨੂੰ 37 ਸੀਟਾਂ ਮਿਲੀਆਂ | 1985 'ਚ ਅਕਾਲੀ ਦਲ ਨੂੰ 73 ਸੀਟਾਂ ਮਿਲੀਆਂ ਪਰ ਕਾਂਗਰਸ ਕੇਵਲ 32 ਸੀਟਾਂ 'ਤੇ ਹੀ ਸਫਲ ਹੋਈ | ਸਾਲ 1992 'ਚ ਕਾਂਗਰਸ 87 ਸੀਟਾਂ ਲੈ ਗਈ | ਅਕਾਲੀ ਦਲ ਇਨ੍ਹਾਂ ਚੋਣਾਂ ਤੋਂ ਦੂਰ ਰਿਹਾ ਸੀ, ਪ੍ਰੰਤੂ ਉਸ ਸਮੇਂ ਇਸ ਦੇ ਉਮੀਦਵਾਰ 3 ਥਾਵਾਂ ਤੋਂ ਜਿੱਤ ਗਏ ਸਨ | 1992 'ਚ ਬਸਪਾ 9 ਸੀਟਾਂ 'ਤੇ ਜੇਤੂ ਰਹੀ ਸੀ ਅਤੇ ਭਾਜਪਾ ਨੂੰ ਉਸ ਸਮੇਂ 6 ਸੀਟਾਂ ਮਿਲੀਆਂ ਸਨ | 1997 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ 75 ਸੀਟਾਂ ਲੈ ਗਿਆ, ਜਦੋਂਕਿ ਕਾਂਗਰਸ 14 ਸੀਟਾਂ 'ਤੇ ਅਟਕ ਗਈ | ਉਸ ਸਮੇਂ ਭਾਜਪਾ ਨੂੰ 16 ਸੀਟਾਂ ਮਿਲੀਆਂ ਸਨ | ਵਿਧਾਨ ਸਭਾ 2002 ਦੀਆਂ ਚੋਣਾਂ 'ਚ ਕਾਂਗਰਸ 62, ਅਕਾਲੀ ਦਲ 41 ਅਤੇ ਭਾਜਪਾ 3 ਸੀਟਾਂ 'ਤੇ ਕਾਬਜ਼ ਹੋਈ ਸੀ | 2007 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ 49 ਅਤੇ ਭਾਈਵਾਲ ਪਾਰਟੀ ਭਾਜਪਾ ਨੂੰ 19 ਸੀਟਾਂ ਮਿਲੀਆਂ ਸਨ | ਜਦਕਿ ਕਾਂਗਰਸ ਦੀਆਂ 44 ਸੀਟਾਂ ਸਨ | 2007 'ਚ ਅਕਾਲੀ ਦਲ-ਭਾਜਪਾ ਨੇ ਰਲ ਕੇ ਸਰਕਾਰ ਬਣਾਈ ਸੀ | 2012 'ਚ ਮੁੜ ਅਕਾਲੀ-ਭਾਜਪਾ ਗੱਠਜੋੜ ਸਰਕਾਰ ਬਣਾਉਣ 'ਚ ਕਾਮਯਾਬ ਰਿਹਾ | ਉਸ ਸਮੇਂ ਅਕਾਲੀ ਦਲ ਨੂੰ 56, ਭਾਜਪਾ ਨੂੰ 12, ਕਾਂਗਰਸ ਨੂੰ 46 ਅਤੇ 3 ਆਜ਼ਾਦ ਉਮੀਦਵਾਰ ਜਿੱਤੇ ਸਨ | ਉਸ ਸਮੇਂ ਵੀ ਨਵੀਂ ਉੱਠੀ ਮਨਪ੍ਰੀਤ ਸਿੰਘ ਬਾਦਲ ਦੀ ਪੀ.ਪੀ.ਪੀ. ਪਾਰਟੀ ਖਾਤਾ ਵੀ ਖੋਲ੍ਹ ਨਹੀਂ ਸੀ ਸਕੀ | 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਬੜੇ ਜੋਸ਼ੋ-ਖਰੋਸ਼ ਨਾਲ ਪੰਜਾਬ 'ਚ ਆਈ ਸੀ, ਪ੍ਰੰਤੂ ਆਪੋ-ਧਾਪੀ ਦੀ ਰਣਨੀਤੀ ਕਾਰਨ ਪੰਜਾਬ 'ਚੋਂ ਜਿੱਤੀ ਬਾਜ਼ੀ ਹਾਰ ਗਈ | ਕੁਝ ਆਗੂਆਂ ਵਲੋਂ ਖੁਦ ਨੂੰ ਮੁੱਖ ਮੰਤਰੀ ਦੀ ਦੌੜ 'ਚ ਬਰਕਰਾਰ ਰੱਖਣ ਲਈ ਆਧਾਰ ਰੱਖਣ ਵਾਲੇ ਆਗੂਆਂ ਲਈ ਪਾਰਟੀ ਦੇ ਬੂਹੇ ਬੰਦ ਕਰਨ ਅਤੇ ਦਿੱਲੀ ਦੀ ਟੀਮ ਵਲੋਂ ਸਮੁੱਚੀ ਖੇਡ ਆਪਣੀ ਮੱੁਠੀ 'ਚ ਬੰਦ ਰੱਖਣ ਦੀ ਸਿਆਸਤ ਕਾਰਨ 100 ਸੀਟਾਂ 'ਤੇ ਜਿੱਤਣ ਦਾ ਦਾਅਵਾ ਕਰਨ ਵਾਲੀ ਪਾਰਟੀ 20 ਸੀਟਾਂ 'ਤੇ ਸਿਮਟ ਕੇ ਰਹਿ ਗਈ ਅਤੇ ਫਿਰ 2017 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ 77 ਸੀਟਾਂ ਲੈ ਕੇ ਸੱਤਾ 'ਤੇ ਕਾਬਜ਼ ਹੋ ਗਈ | ਇਸ ਤਰ੍ਹਾਂ ਇਕ ਨਵੀਂ ਪਾਰਟੀ ਵਜੋਂ ਪੰਜਾਬ 'ਚ ਉਭਰੀ ਆਮ ਆਦਮੀ ਪਾਰਟੀ ਪੰਜਾਬ 'ਤੇ ਉਸ ਸਮੇਂ ਰਾਜ ਕਰਨ 'ਚ ਅਸਫਲ ਰਹੀ | ਜਦਕਿ ਸ਼ੋ੍ਰਮਣੀ ਅਕਾਲੀ ਦਲ ਨੂੰ 15, ਭਾਜਪਾ ਨੂੰ 3 ਅਤੇ ਲੋਕ ਇਨਸਾਫ ਪਾਰਟੀ ਨੂੰ 2 ਸੀਟਾਂ ਮਿਲੀਆਂ ਸਨ | ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਮੈਦਾਨ 'ਚ ਹਨ | ਕਿਹਾ ਜਾ ਰਿਹਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਨਾ ਦੁਹਰਾਉਂਦਿਆਂ ਹੋਇਆ ਮਜ਼ਬੂਤ ਰਣਨੀਤੀ ਨਾਲ ਮੈਦਾਨ 'ਚ ਉਤਰ ਰਹੀ ਹੈ | ਆਮ ਆਦਮੀ ਪਾਰਟੀ ਹੁਣ ਤੱਕ 109 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਚੁੱਕੀ ਹੈ | ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਵੀ ਲਗਪਗ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਤੋਂ ਬਾਅਦ ਮਜ਼ਬੂਤ ਸਥਿਤੀ 'ਚ ਮੁੜ ਪਰਤਣ ਦੇ ਰੌਅ 'ਚ ਹੈ | ਭਾਜਪਾ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਵਲੋਂ ਵੀ ਜਲਦ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਬਾਰੇ ਦੱਸਿਆ ਜਾ ਰਿਹਾ ਹੈ | ਸੱਤਾਧਾਰੀ ਪਾਰਟੀ ਕਾਂਗਰਸ ਦੀ ਟਿਕਟ ਵੰਡ 'ਤੇ ਸਭ ਦੀ ਨਜ਼ਰ ਟਿਕੀ ਹੋਈ ਹੈ | ਇਸ ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ, ਬਲਬੀਰ ਸਿੰਘ ਰਾਜੇਵਾਲ ਦਾ ਸੰਯੁਕਤ ਸਮਾਜ ਮੋਰਚਾ ਅਤੇ ਅਕਾਲੀ ਦਲ ਅੰਮਿ੍ਤਸਰ ਤੇ ਹੋਰ ਪਾਰਟੀਆਂ ਵੀ ਚੋਣ ਮੈਦਾਨ 'ਚ ਹਨ | ਸਮਝਿਆ ਜਾ ਰਿਹਾ ਹੈ ਕਿ ਇਹ ਪਾਰਟੀਆਂ ਸਰਕਾਰ ਬਣਾਉਣ 'ਚ ਸਮਰੱਥ ਤਾਂ ਨਹੀਂ ਹੋ ਸਕਦੀਆਂ, ਪ੍ਰੰਤੂ ਵਿਰੋਧੀ ਧਿਰਾਂ ਦੀ ਖੇਡ ਵਿਗਾੜਨ ਵਿਚ ਆਪਣਾ ਯੋਗਦਾਨ ਜ਼ਰੂਰ ਪਾ ਸਕਦੀਆਂ ਹਨ | ਕੁਝ ਸੀਟਾਂ 'ਤੇ ਨਵੀਆਂ ਉੱਠੀਆਂ ਪਾਰਟੀਆਂ, ਰਵਾਇਤੀ ਪਾਰਟੀਆਂ ਨੂੰ ਵਕਤ ਜ਼ਰੂਰ ਪਾਈ ਰੱਖਣਗੇ |


