ਸ੍ਰੀ ਮੁਕਤਸਰ ਸਾਹਿਬ - ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਮੇਲਾ ਮਾਘੀ ਅੱਜ ਤੋਂ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਚ ਅਖੰਡ ਪਾਠ ਦੇ ਪ੍ਰਕਾਸ਼ ਨਾਲ ਸ਼ੁਰੂ ਹੋ ਗਿਆ ਹੈ। ਗੁਰਦੁਆਰੇ ਦੇ ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ ਮੇਲਾ ਮਾਘੀ ਮੌਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਉਣਾ ਹੈ ਜਿਸ ਵਾਸਤੇ ਵਿਆਪਕ ਪ੍ਰਬੰਧ ਕੀਤੇ ਗਏ ਹਨ। 14 ਜਨਵਰੀ ਨੂੰ ਮਾਘੀ ਵਾਲੇ ਦਿਨ ਸਵੇਰੇ ਸਾਢੇ ਛੇ ਵਜੇ ਅਖੰਡ ਪਾਠ ਦੇ ਭੋਗ ਪੈਣਗੇ। ਇਸੇ ਦਿਨ ਪਵਿੱਤਰ ਸਰੋਵਰ ਵਿੱਚ 13 ਜਨਵਰੀ ਦੀ ਰਾਤ ਦੇ 12 ਵਜੇ ਤੋਂ ਇਸ਼ਨਾਨ ਸ਼ੁਰੂ ਹੋ ਜਾਵੇਗਾ। ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਕਿਵਾੜ ਵੀ 12 ਵਜੇ ਖੋਲ੍ਹ ਦਿੱਤੇ ਜਾਣਗੇ। 13 ਅਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਚ ਧਾਰਮਿਕ ਦੀਵਾਨ ਸਜਣਗੇ ਅਤੇ ਗੁਰਮਤਿ ਪ੍ਰਦਰਸ਼ਨੀ ਲਾਈ ਜਾਵੇਗੀ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ। ਇਸੇ ਦਿਨ ਗੇਟ ਨੰਬਰ ਚਾਰ ਤੋਂ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਟਿੱਬੀ ਸਾਹਿਬ, ਦਾਤਣਸਰ ਸਾਹਿਬ ਪੁੱਜੇਗਾ। ਇਸ ਦੌਰਾਨ ਨਿਹੰਗ ਸਿੰਘ ਘੋੜਸਵਾਰੀ ਤੇ ਗਤਕੇ ਦੇ ਜੌਹਰ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੀਬ 250 ਵਿਸ਼ੇਸ਼ ਕਰਮਚਾਰੀ ਸੱਦੇ ਹਨ। ਸ਼ਰਧਾਲੂਆਂ ਦੇ ਵਿਸ਼ਰਾਮ ਲਈ ਸੈਂਕੜੇ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਉਨ੍ਹਾਂ ਸੰਗਤ ਨੂੰ ਗਹਿਣੇ ਨਾ ਪਾ ਕੇ ਆਉਣ ਅਤੇ ਕਰੋਨਾ ਤੋਂ ਬਚਾਅ ਦੀ ਅਪੀਲ ਕੀਤੀ ਹੈ। ਕੈਮਰਿਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਦਰਬਾਰ ਸਾਹਿਬ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ।


