ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੀ ਇੱਥੇ ਪੰਜਾਬ ਚੋਣਾਂ ਲਈ ਕੋਰ ਗਰੁੱਪ ਦੀ ਮੀਟਿੰਗ ਦੇ ਬਾਅਦ ਪਾਰਟੀ ਨੇਤਾਵਾਂ ਨੇ ਕਿਹਾ ਕਿ ਪੰਜਾਬ 'ਚ ਭਾਜਪਾ 60-65 ਸੀਟਾਂ 'ਤੇ ਚੋਣ ਲੜੇਗੀ। ਸੂਤਰਾਂ ਅਨੁਸਾਰ ਉਨ੍ਹਾਂ ਦੀ ਆਪਣੇ ਭਾਈਵਾਲਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ (ਸੰਯੁਕਤ) ਨਾਲ ਸੀਟਾਂ ਦੀ ਵੰਡ ਬਾਰੇ ਚਰਚਾ ਹੋਈ ਹੈ। ਇਸ ਮੀਟਿੰਗ 'ਚ ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼, ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਭਾਜਪਾ ਸੰਗਠਨ ਇੰਚਾਰਜ ਦੁਸ਼ਿਅੰਤ ਗੌਤਮ, ਸੂਬਾ ਪਾਰਟੀ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਚੋਣ ਸਹਿ-ਇੰਚਾਰਜ ਮੀਨਾਕਸ਼ੀ ਲੇਖੀ ਆਦਿ ਨੇਤਾ ਹਾਜ਼ਰ ਸਨ। ਮੀਟਿੰਗ ਦੇ ਬਾਅਦ ਗੌਤਮ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਦੀ ਆਗਾਮੀ ਚੋਣਾਂ 'ਤੇ ਵਿਚਾਰ-ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ 'ਚ ਕੁੱਲ 117 ਸੀਟਾਂ ਦੇ ਮੁਕਾਬਲੇ ਘੱਟੋ-ਘੱਟ ਅੱਧੀਆਂ ਤੋਂ ਵੱਧ ਸੀਟਾਂ 'ਤੇ ਚੋਣ ਲੜਨਾ ਚਾਹੇਗੀ, ਜਿਹੜੀ ਕਿ 60 ਤੋਂ 65 ਦੇ ਦਰਮਿਆਨ ਹੋਣਗੀਆਂ। ਉਨ੍ਹਾਂ ਕਿਹਾ ਕਿ ਸੀਟਾਂ ਦੀ ਵੰਡ ਬਾਰੇ ਉਨ੍ਹਾਂ ਦੀ ਭਾਈਵਾਲਾਂ ਨਾਲ ਚਰਚਾ ਹੋਈ ਹੈ। ਪੰਜਾਬ 'ਚ 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਭਾਜਪਾ ਨੇਤਾ ਉਮੀਦਵਾਰਾਂ ਦੀ ਸੂਚੀ ਫਾਈਨਲ ਕਰਨ ਤੋਂ ਪਹਿਲਾਂ ਇਕ ਹੋਰ ਮੀਟਿੰਗ ਕਰਨਗੇ। ਉਮੀਦਵਾਰਾਂ ਦੀ ਸੂਚੀ ਫਾਈਨਲ ਕਰਨ ਲਈ ਪੰਜਾਬ ਕੋਰ ਕਮੇਟੀ ਦੀ ਮੀਟਿੰਗ ਦੇ ਬਾਅਦ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਭਲਕੇ ਮੀਟਿੰਗ ਕਰੇਗੀ।


