ਨਵੀਂ ਦਿੱਲੀ - ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਲਈ ਐਲਾਨੇ ਨਤੀਜਿਆਂ ਵਿੱਚ ਪੰਜਾਬ ਨੂੰ ਛੱਡ ਕੇ ਚਾਰ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਤੇ ਗੋਆ ਵਿੱਚ ਮੁੜ ਕਮਲ ਖਿੜਿਆ ਹੈ। ਉੱਤਰ ਪ੍ਰਦੇਸ਼ ਵਿੱਚ ਮੁੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੁੜ ਸਰਕਾਰ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਗਏ ਹਨ। ਆਖਰੀ ਖ਼ਬਰਾਂ ਮਿਲਣ ਤੱਕ ਭਾਜਪਾ ਨੇ 403 ਮੈਂਬਰੀ ਯੂਪੀ ਅਸੈਂਬਲੀ ਦੀਆਂ 210 ਸੀਟਾਂ ’ਤੇ ਜਿੱਤ ਦਰਜ ਕਰ ਲਈ ਸੀ ਤੇ ਪਾਰਟੀ 45 ਹਲਕਿਆਂ ਵਿੱਚ ਅੱਗੇ ਸੀ। ਉੱਤਰਾਖੰਡ ਵਿੱਚ ਵੀ ਭਾਜਪਾ ਨੇ ਉਪਰੋਥੱਲੀ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮੱਤ ਨੂੰ ਸੌਖਿਆਂ ਹੀ ਹਾਸਲ ਕਰ ਲਿਆ। 70 ਮੈਂਬਰੀ ਅਸੈਂਬਲੀ ਵਿੱਚ ਭਗਵਾ ਪਾਰਟੀ ਨੇ 45 ਸੀਟਾਂ ਜਿੱਤ ਲਈਆਂ ਹਨ ਤੇ ਪਾਰਟੀ 2 ਸੀਟਾਂ ’ਤੇ ਅੱਗੇ ਹੈ। ਗੋਆ ਵਿੱਚ ਭਾਜਪਾ ਨੇ ਹੈਟ੍ਰਿਕ ਲਾਉਣ ਦੀ ਤਿਆਚੀ ਖਿੱਚ ਲਈ ਹੈ। ਸਾਹਿਲੀ ਰਾਜ ਵਿੱਚ ਪਾਰਟੀ ਨੇ ਕੁੱਲ 40 ਸੀਟਾਂ ਵਿੱਚੋਂ 20 ਸੀਟਾਂ ਜਿੱਤੀਆਂ ਹਨ ਤੇ ਪਾਰਟੀ ਸਰਕਾਰ ਬਣਾਉਣ ਤੋਂ ਇਕ ਕਦਮ ਦੂਰ ਹੈ। ਆਮ ਆਦਮੀ ਪਾਰਟੀ ਇਥੇ ਦੋ ਸੀਟਾਂ ਨਾਲ ਖਾਤਾ ਖੋਲ੍ਹਣ ਵਿੱਚ ਸਫ਼ਲ ਰਹੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੱਲੋਂ ਕੀਤੇ ਜ਼ੋਰਦਾਰ ਪ੍ਰਚਾਰ ਦੇ ਬਾਵਜੂਦ ਪਾਰਟੀ ਯੂਪੀ ਵਿੱਚ ਮਹਿਜ਼ ਦੋ ਸੀਟਾਂ ਹੀ ਜਿੱਤ ਸਕੀ ਹੈ। ਇਸ ਦੌਰਾਨ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਓਬੀਸੀ ਆਗੂ ਸਵਾਮੀ ਪ੍ਰਸਾਦ ਮੌਰਿਆ ਤੇ ਉਤਰਾਖੰਡ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਹਰੀਸ਼ ਰਾਵਤ ਚੋਣ ਹਾਰ ਗਏ। ਹੁਣ ਤੱਕ ਮਿਲੇ ਰੁਝਾਨਾਂ ਤੇ ਨਤੀਜਿਆਂ ਮੁਤਾਬਕ ਯੂਪੀ ਵਿੱਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਜਾ ਰਹੀ ਭਾਜਪਾ 403 ਮੈਂਬਰੀ ਅਸੈਂਬਲੀ ਵਿੱਚ 255 ਦੇ ਅੰਕੜੇ ਨਾਲ ਆਪਣੀ ਰਵਾਇਤੀ ਵਿਰੋਧੀ ਸਮਾਜਵਾਦੀ ਪਾਰਟੀ ਤੋਂ ਕਿਤੇ ਅੱਗੇ ਹੈ। ਹਾਲਾਂਕਿ ਪੰਜ ਸਾਲ ਪਹਿਲਾਂ ਮਿਲੀਆਂ 312 ਸੀਟਾਂ ਦੇ ਮੁਕਾਬਲੇ ਇਹ ਬਹੁਮੱਤ ਕਿਤੇ ਘੱਟ ਹੈ। ਪਾਰਟੀ ਨੇ 216 ਸੀਟਾਂ ਜਿੱਤ ਲਈਆਂ ਹਨ ਤੇ 39 ਸੀਟਾਂ ’ਤੇ ਉਸ ਨੇ ਲੀਡ ਬਣਾਈ ਹੋਈ ਹੈ। ਪਿਛਲੇ ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਯੂਪੀ ਦੀ ਸੱਤਾ ਚਲਾਉਣ ਦਾ ਮੌਕਾ ਮਿਲਿਆ ਹੈ। ਅਖਿਲੇਸ਼ ਯਾਦਵ ਦੀਆਂ ਚੋਣ ਰੈਲੀਆਂ ਦੌਰਾਨ ਵੱਡੀਆਂ ਭੀੜਾਂ ਜੁਟਾਉਣ ਵਾਲੀ ਸਮਾਜਵਾਦੀ ਪਾਰਟੀ 79 ਸੀਟਾਂ ਜਿੱਤ ਕੇ 32 ਹੋਰ ਸੀਟਾਂ ’ਤੇ ਅੱਗੇ ਸੀ। ਸਪਾ ਦੇ ਭਾਈਵਾਲ ਰਾਸ਼ਟਰੀ ਲੋਕ ਦਲ ਦੇ ਹਿੱਸੇ 8 ਸੀਟਾਂ ਆਈਆਂ ਹਨ ਤੇ ਐੱਸਬੀਐੱਸਪੀ ਨੇ ਵੀ ਤਿੰਨ ਸੀਟਾਂ ਜਿੱਤ ਲਈਆਂ ਸਨ ਤੇ ਤਿੰਨ ਸੀਟਾਂ ’ਤੇ ਲੀਡ ਬਣਾਈ ਹੋਈ ਸੀ। ਭਾਜਪਾ ਦੇ ਭਾਈਵਾਲਾਂ ’ਚੋਂ ਅਪਨਾ ਦਲ 12 ਸੀਟਾਂ ’ਤੇ ਅੱਗੇ ਸੀ। ਯੂਪੀ ਵਿੱਚ ਭਾਜਪਾ ਤੇ ਸਪਾ ਨੂੰ ਕ੍ਰਮਵਾਰ 41.9 ਫੀਸਦ ਤੇ 31.8 ਵੋਟਾਂ ਪਈਆਂ ਹਨ। ਕੈਲਾਸ਼ ਵਿਜੈਵਰਗੀਆ ਤੇ ਸੁਧਾਂਸ਼ੂ ਤ੍ਰਿਵੇਦੀ ਸਮੇਤ ਹੋਰਨਾਂ ਭਾਜਪਾ ਆਗੂਆਂ ਨੇ ਪਾਰਟੀ ਨੂੰ ਯੂਪੀ ਵਿੱਚ ਮਿਲੀ ਜਿੱਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ’ਤੇ ਮੋਹਰ ਲਾਈ ਹੈ। ਸਾਹਿਲੀ ਰਾਜ ਗੋਆ ਵਿੱਚ ਸੱਤਾਧਾਰੀ ਭਾਜਪਾ ਹੈਟ੍ਰਿਕ ਲਾਉਣ ਦੀ ਤਿਆਰੀ ’ਚ ਹੈ। ਪਾਰਟੀ 40 ਮੈਂਬਰੀ ਗੋਆ ਅਸੈਂਬਲੀ ਵਿੱਚ 20 ਸੀਟਾਂ ਜਿੱਤ ਕੇ ਬਹੁਮੱਤ ਤੋਂ ਇਕ ਕਦਮ ਦੂਰ ਹੈ। ਪਾਰਟੀ ਦੀ ਨੇੜਲੀ ਵਿਰੋਧੀ ਕਾਂਗਰਸ ਨੂੰ 11 ਸੀਟਾਂ ਮਿਲੀਆਂ ਹਨ। ਮਹਾਰਾਸ਼ਟਰ ਗੋਮਾਂਤਕ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਹਿੱਸੇ ਦੋ ਸੀਟਾਂ ਆਈਆਂ ਹਨ। ਇਕ-ਇਕ ਸੀਟ ਗੋਆ ਫਾਰਵਰਡ ਪਾਰਟੀ ਤੇ ਰੈਵੋਲਿਊਸ਼ਨਰੀ ਗੋਆਨਸ ਪਾਰਟੀ ਦੇ ਹਿੱਸੇ ਆਈ। ਉੱਤਰਾਖੰਡ ਵਿੱਚ ਵੀ ਤਸਵੀਰ ਇਕਦਮ ਸਾਫ਼ ਹੋ ਗਈ ਹੈ। 70 ਮੈਂਬਰੀ ਅਸੈਂਬਲੀ ਵਿੱਚ ਭਾਜਪਾ ਨੇ 47 ਸੀਟਾਂ ਜਿੱਤੀਆਂ ਹਨ।
ਮਨੀਪੁਰ ’ਚ ਭਾਜਪਾ ਨੇ ਵੱਡੀ ਜਿੱਤ ਹਾਸਲ ਕਰਦਿਆਂ ਸੂਬੇ ’ਚ ਸਰਕਾਰ ਬਣਾਉਣ ਵੱਲ ਆਪਣੇ ਕਦਮ ਵਧਾ ਲਏ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਗਵਾਂ ਪਾਰਟੀ ਨੇ 60 ਮੈਂਬਰੀ ਵਿਧਾਨ ਸਭਾ ’ਚੋਂ 32 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇੱਥੋਂ ਕਾਂਗਰਸ ਨੇ ਪੰਜ ਸੀਟਾਂ, ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) ਨੇ 6, ਕੁਕੀ ਪੀਪਲਜ਼ ਗੱਠਜੋੜ (ਕੇਪੀਏ) ਨੇ 2, ਨਾਗਾ ਪੀਪਲਜ਼ ਫਰੰਟ (ਐੱਨਪੀਏ) ਨੇ 5 ਅਤੇ ਨੈਸ਼ਨਲ ਪੀਪਲਜ਼ ਪਾਰਟੀ ਨੇ 6 ਸੀਟਾਂ ਜਿੱਤੀਆਂ ਹਨ। ਸੂਬੇ ’ਚ 3 ਆਜ਼ਾਦ ਉਮੀਦਵਾਰ ਵੀ ਚੋਣ ਜਿੱਤਣ ’ਚ ਕਾਮਯਾਬ ਹੋਏ ਹਨ। ਭਾਜਪਾ ਨੂੰ ਇੱਥੇ ਕੁੱਲ 37.83 ਫੀਸਦ ਜਦਕਿ ਕਾਂਗਰਸ ਨੂੰ 16.83 ਫੀਸਦ ਵੋਟਾਂ ਹਾਸਲ ਹੋਈਆਂ ਹਨ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਕਾਂਗਰਸ ਦੇ ਪੀ ਸ਼ਰਤਚੰਦਰ ਸਿੰਘ ਨੂੰ 18271 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਜਦਕਿ ਸਾਬਕਾ ਮੁੱਖ ਮੰਤਰੀ ਓਕਰਾਮ ਇਬੋਦੀ ਸਿੰਘ ਉਨ੍ਹਾਂ ਪੰਜ ਕਾਂਗਰਸੀਆਂ ’ਚ ਸ਼ਾਮਲ ਹਨ, ਜੋ ਇੱਥੋਂ ਚੋਣ ਜਿੱਤੇ ਹਨ।


