ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਦਿਆਂ ਹੀ ਪੰਜਾਬ ਸਰਕਾਰ ਨੂੰ ਸਤਲੁਜ-ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦੇ ਮੁੁੱਦੇ ’ਤੇ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਵੀਂ ਸਰਕਾਰ ਬਣਨ ਨਾਲ ਹੁਣ ਪੰਜਾਬ ਦੀ ਦੋਹਰੀ ਜਵਾਬਦੇਹੀ ਬਣ ਗਈ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਤੋਂ ਪਾਣੀ ਲੈਣਾ ਚਾਹੁੰਦੇ ਹਨ ਅਤੇ ਦਿੱਲੀ ਨੂੰ ਪਾਣੀ ਦੇਣਾ ਚਾਹੁੰਦੇ ਹਨ। ਦੋਵਾਂ ਸੂਬਿਆਂ ਵਿੱਚ ਇਕੋ ਪਾਰਟੀ ਦੀ ਸਰਕਾਰ ਹੋਣ ਕਰਕੇ ਐੱਸਵਾਈਐੱਲ ਬਾਰੇ ‘ਆਪ’ ਦੀ ਜਵਾਬਦੇਹੀ ਵਧ ਗਈ ਹੈ ਤੇ ਇਸ ਨੂੰ ਜਲਦ ਐੱਸਵਾਈਐੱਲ ਬਾਰੇ ਸੋਚਣਾ ਚਾਹੀਦਾ ਹੈ। ਸ੍ਰੀ ਖੱਟਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਮਾਡਲ ਨੂੰ ਪੰਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਲਾਗੂ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਦਿੱਲੀ ਮਾਡਲ ਦਾ ਮੁਕਾਬਲਾ ਹਰਿਆਣਾ ਨਾਲ ਨਹੀਂ ਕੀਤਾ ਜਾ ਸਕਦਾ। ਦਿੱਲੀ ਵਿੱਚ 1100 ਸਰਕਾਰੀ ਸਕੂਲ ਹਨ, ਜਦੋਂ ਕਿ ਹਰਿਆਣਾ ਵਿੱਚ 15 ਹਜ਼ਾਰ ਸਰਕਾਰੀ ਸਕੂਲ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਖੇਤੀ ਹੇਠ ਰਕਬਾ ਹਰਿਆਣਾ ਮੁਕਾਬਲੇ ਬਹੁਤ ਘੱਟ ਹੈ ਕਿਉਂਕਿ ਹਰਿਆਣਾ ਵਿੱਚ 80 ਲੱਖ ਏਕੜ ਜ਼ਖਮੀ ਖੇਤੀ ਅਧੀਨ ਹੈ। ਇਸੇ ਤਰ੍ਹਾਂ ਹੋਰਨਾਂ ਖੇਤਰਾਂ ਵਿੱਚ ਵੀ ਅਜਿਹੇ ਹਾਲਾਤ ਹੀ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਮੁਕਾਬਲਾ ਪੰਜਾਬ ਨਾਲ ਜ਼ਰੂਰ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿੱਚ ਲੋਕ ਪੱਖੀ ਯੋਜਨਾਵਾਂ ਘਰ-ਘਰ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਸੂਬੇ ਵਿੱਚ ਸ਼ੁਰੂ ਕੀਤੇ ਗਏ ਪਰਿਵਾਰ ਪਛਾਣ ਪੱਤਰ ਰਾਹੀਂ ਹਰ ਕਿਸੇ ਦੀ ਜਾਣਕਾਰੀ ਸਰਕਾਰ ਕੋਲ ਪਹੁੰਚ ਗਈ ਹੈ, ਜਿਸ ਦੇ ਚਲਦਿਆਂ 60 ਸਾਲ ਪੂਰੇ ਕਰਨ ਵਾਲੇ ਲੋਕਾਂ ਦੀ ਪੈਨਸ਼ਨ ਖੁਦ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ 2.41 ਲੱਖ ਲੋਕਾਂ ਦੀ ਮੌਤ ਹੋਣ ਕਰਕੇ ਪੈਨਸ਼ਨ ਕੱਟ ਦਿੱਤੀ ਗਈ ਹੈ ਤਾਂ 2.61 ਲੱਖ ਨਵੇਂ ਲੋਕਾਂ ਦੀ ਪੈਨਸ਼ਨ ਸ਼ੁਰੂ ਕੀਤੀ ਗਈ ਹੈ। ਸ੍ਰੀ ਖੱਟਰ ਨੇ ਦੱਸਿਆ ਕਿ ਭਵਿੱਖ ਵਿੱਚ ਹਰਿਆਣਾ ਸਰਕਾਰ ਸੂਬੇ ਦੇ ਲੋਕਾਂ ਲਈ ਹੋਰ ਵੀ ਲਾਹੇਵੰਦ ਫ਼ੈਸਲੇ ਲੈਣ ਜਾ ਰਹੀ ਹੈ।


