ਚੰਡੀਗੜ੍ਹ - ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਰਾਜ ਸਭਾ ਸੀਟਾਂ ਲਈ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ (33), ਪੰਜਾਬ ਚੋਣਾਂ ਵਿੱਚ ਪਾਰਟੀ ਦੇ ਸਿਆਸੀ ਰਣਨੀਤੀਕਾਰ ਡਾ. ਸੰਦੀਪ ਪਾਠਕ (43), ਸਾਬਕਾ ਕ੍ਰਿਕਟਰ ਹਰਭਜਨ ਸਿੰਘ (41), ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਚਾਂਸਲਰ ਅਸ਼ੋਕ ਮਿੱਤਲ (58) ਅਤੇ ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਸੰਜੀਵ ਅਰੋੜਾ (58) ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ‘ਆਪ’ ਦੇ ਸਾਰੇ ਪੰਜੇ ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਨਿਸ਼ਚਿਤ ਹੈ। ਹੋਰ ਪਾਰਟੀਆਂ ਨੇ ਰਾਜ ਸਭਾ ਲਈ ਕੋਈ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਹੈ। ਸੰਸਦ ਦੇ ਉਪਰਲੇ ਸਦਨ ਵਿੱਚ ਖਾਲੀ ਹੋਈਆਂ ਪੰਜ ਸੀਟਾਂ ਲਈ ਚੋਣਾਂ 31 ਮਾਰਚ ਨੂੰ ਹੋਣੀਆਂ ਹਨ। ਭਲਕੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਜਦੋਂ ਕਿ 24 ਮਾਰਚ ਤੱਕ ਕਾਗਜ਼ ਵਾਪਸ ਲਏ ਜਾ ਸਕਦੇ ਹਨ। ਪੰਜਾਬ ਨਾਲ ਸਬੰਧਤ ਪੰਜ ਰਾਜ ਸਭਾ ਮੈਂਬਰਾਂ ’ਚ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸ਼ਵੇਤ ਮਲਿਕ, ਨਰੇਸ਼ ਗੁਜਰਾਲ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਕਾਰਜਕਾਲ 9 ਅਪਰੈਲ ਨੂੰ ਖ਼ਤਮ ਹੋ ਰਿਹਾ ਹੈ, ਜਦੋਂ ਕਿ ਦੋ ਹੋਰ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ ਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖ਼ਤਮ ਹੋਵੇਗਾ। ‘ਆਪ’ ਵੱਲੋਂ ਪੰਜਾਬ ਤੋਂ ਰਾਜ ਸਭਾ ਦੀਆਂ ਪੰਜ ਸੀਟਾਂ ਲਈ ਐਲਾਨੇ ਗਏ ਚਿਹਰਿਆਂ ਵਿੱਚੋਂ ਦੋ ਦਿੱਲੀ ਅਤੇ ਤਿੰਨ ਪੰਜਾਬ ਨਾਲ ਸਬੰਧਤ ਹਨ। ਪੰਜਾਬ ਤੋਂ ਬਾਹਰ ਤੋਂ ਉਮੀਦਵਾਰ ਉਤਾਰੇ ਜਾਣ ’ਤੇ ਵਿਰੋਧੀ ਪਾਰਟੀਆਂ ਨੇ ‘ਆਪ’ ਨੂੰ ਘੇਰਿਆ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਦਿੱਲੀ ਦੇ ਆਗੂਆਂ ਨੂੰ ਉਮੀਦਵਾਰ ਬਣਾਉਣ ਨਾਲ ਸਾਬਤ ਹੋ ਗਿਆ ਕਿ ਪੰਜਾਬ ਦੀ ‘ਆਪ’ ਸਰਕਾਰ ਦਿੱਲੀ ਦੀ ਕਠਪੁਤਲੀ ਬਣ ਕੇ ਚੱਲੇਗੀ। ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਰਾਜ ਸਭਾ ’ਚ ਪੰਜਾਬ ਦੇ ਪ੍ਰਮੁੱਖ ਅਕਾਲੀ ਆਗੂਆਂ ਨੂੰ ਭੇਜਿਆ ਜਾਂਦਾ ਸੀ। ‘ਆਪ’ ਸਰਕਾਰ ਦੀ ਇਹ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਦਿੱਤੇ ਵੱਡੇ ਬਹੁਮਤ ਦਾ ਅਪਮਾਨ ਅਤੇ ਅਣਦੇਖੀ ਹੈ। ਸ੍ਰੀ ਬਾਦਲ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗੇਗਾ ਕਿ ਝੂਠੇ ਪ੍ਰਚਾਰ ਰਾਹੀਂ ਸੱਤਾ ਵਿੱਚ ਆਈ ‘ਆਪ’ ਸਰਕਾਰ ਤੋਂ ਕੁਝ ਹਾਸਲ ਨਹੀਂ ਹੋਵੇਗਾ, ਸਗੋਂ ਇਹ ਪੰਜਾਬ ਤੋਂ ਪਾਣੀਆਂ ਸਮੇਤ ਹੋਰ ਬਹੁਤ ਕੁਝ ਦਿੱਲੀ ਲੈ ਜਾਵੇਗੀ।
ਸ੍ਰੀ ਬਾਦਲ ਨੇ ਕਿਹਾ ਕਿ ਜਿਹੜੇ ਆਗੂਆਂ ਨੂੰ ਨਾ ਪੰਜਾਬ ਨਾਲ ਪਿਆਰ ਅਤੇ ਨਾ ਹੀ ਸਤਿਕਾਰ ਹੈ, ਉਹ ਕਿਸੇ ਕੀਮਤ ’ਤੇ ਰਾਜ ਸਭਾ ਵਿੱਚ ਪੰਜਾਬ ਦੇ ਮਸਲੇ ਨਹੀਂ ਚੁੱਕਣਗੇ। ਉਨ੍ਹਾਂ ਕਿਹਾ ਕਿ ਇਹ ਤਾਂ ਕਿਸੇ ਹੋਰ ਥਾਂ ਦੇ ਵਸਨੀਕ ਵਿਅਕਤੀ ਨੂੰ ਪਿੰਡ ਦਾ ਸਰਪੰਚ ਬਣਾਉਣ ਵਾਲੀ ਗੱਲ ਹੋ ਗਈ ਹੈ। ਲੰਬੀ ਹਲਕੇ ਵਿੱਚ ਧੰਨਵਾਦੀ ਦੌਰੇ ਦੇ ਦੂਸਰੇ ਦਿਨ ਪਿੰਡ ਮਿੱਡੂਖੇੜਾ ਵਿੱਚ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਰਾਜ ਸਭਾ ਵਿੱਚ ਸੂਬੇ ਦੀ ਆਵਾਜ਼ ਅਤੇ ਮਸਲੇ ਪ੍ਰਮੁੱਖਤਾ ਨਾਲ ਉਠਾਉਣ ਲਈ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਜਿਹੇ ਪੰਜਾਬ ਦੇ ਆਗੂਆਂ ਨੂੰ ਭੇਜਿਆ ਸੀ।
ਉਨ੍ਹਾਂ ਵਿਰੋਧੀ ਧਿਰਾਂ ਨੂੰ ਬਹਿਸ ਦੀ ਚੁਣੌਤੀ ਦਿੰਦਿਆਂ ਆਖਿਆ ਕਿ ਅਕਾਲੀ ਦਲ ਨੇ ਐਮਰਜੈਂਸੀ, ਹਰ ਫਰੰਟ ’ਤੇ ਸੂਬੇ ਦੇ ਹਿੱਤਾਂ ਲਈ ਡਟਵੇਂ ਫਰਜ਼ ਨਿਭਾਏ ਅਤੇ ਸੱਤਾ ਵਿੱਚ ਆਉਣ ’ਤੇ ਪੰਜਾਬ ਦਾ ਰੱਜ ਕੇ ਵਿਕਾਸ ਕੀਤਾ, ਜਦ ਕਿ ਹੋਰ ਕੋਈ ਪਾਰਟੀ ਉਸ ਦਾ ਦਸ ਫ਼ੀਸਦੀ ਵਿਕਾਸ ਵੀ ਨਹੀਂ ਕਰ ਸਕਦੀ।
ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਝੂਠ ਦੀ ਰਾਜਨੀਤੀ ਨਹੀਂ ਕਰਦਾ, ਪਾਰਟੀ ਕਰ ਕੇ ਦਿਖਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਲੰਬੀ ਹਲਕੇ ’ਚ ਹਾਰ ਬਾਰੇ ਉਨ੍ਹਾਂ ਕਿਹਾ ਕਿ ਉਹ ਲੋਕ ਫਤਵੇ ਨੂੰ ਸਿਰ-ਮੱਥੇ ਲੈਂਦੇ ਹਨ। ਉਨ੍ਹਾਂ ਅੱਜ ਪਿੰਡ ਵੜਿੰਗਖੇੜਾ, ਮਿੱਡੂਖੇੜਾ, ਹਾਕੂਵਾਲਾ, ਚੱਕ ਮਿੱਡੂ ਸਿੰਘਵਾਲਾ ਅਤੇ ਭੁੱਲਰਵਾਲਾ ਵਿੱਚ ਧੰਨਵਾਦੀ ਦੌਰਾ ਕੀਤਾ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਿੰਨ ਸਮਾਜਿਕ ਫ਼ੈਸਲਿਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਸਵੰਧ ਕੱਢਣਾ ਸ਼ੁਰੂ ਕੀਤਾ ਹੈ। ਦੂਸਰਾ ਗਰੀਬ ਹੋਣਹਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਨ ਦੀ ਗੱਲ ਆਖੀ। ਤੀਸਰਾ ਉਨ੍ਹਾਂ ਪੱਲਿਓਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ ਬਾਰੇ ਕਿਹਾ। ਉਨ੍ਹਾਂ ਲੋਕਾਂ ਨੂੰ ਦਸਵੰਧ ਕੱਢਣ ਲਈ ਪ੍ਰੇਰਿਆ।


