ਅੰਮ੍ਰਿਤਸਰ - ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ‘ਆਪ’ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਸ਼ਨਿਚਰਵਾਰ ਸ਼ਾਮ ਇੱਥੇ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਪੱਤਰ ਦੇ ਕੇ ਹੋਈ ਗਲਤੀ ਲਈ ਖਿਮਾ ਯਾਚਨਾ ਕੀਤੀ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਇਕ ਸੱਦੇ ’ਤੇ ਉਹ ਗਊਸ਼ਾਲਾ ਗਏ ਸਨ ਜਿੱਥੇ ਗਊ ਪੂਜਾ ਚੱਲ ਰਹੀ ਸੀ ਤੇ ਪੁਜਾਰੀ ਨੇ ਉਸ ਮੌਕੇ ਗਊ ਦੀ ਪੂਛ ਉਨ੍ਹਾਂ ਦੀ ਦਸਤਾਰ ਨਾਲ ਛੁਹਾਈ ਸੀ। ਉਨ੍ਹਾਂ ਕਿਹਾ ਕਿ ਅਣਜਾਣੇ ਵਿੱਚ ਹੋਈ ਇਸ ਗਲਤੀ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਉਹ ਇਸ ਲਈ ਖਿਮਾ ਯਾਚਨਾ ਕਰਦੇ ਹਨ। ਉਨ੍ਹਾਂ ਖਿਮਾ ਯਾਚਨਾ ਲਈ ਅਕਾਲ ਤਖ਼ਤ ’ਤੇ ਵੀ ਅਰਦਾਸ ਕੀਤੀ ਹੈ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।


