ਨਿਊਯਾਰਕ - ਨਿਊਯਾਰਕ 'ਚ ਭਾਰਤ ਦੇ ਕੌਂਸਲੇਟ ਜਨਰਲ ਨੇ ਅਮਰੀਕੀ ਰਾਜ ਕਨੈਕਟੀਕਟ ਦੀ ਜਨਰਲ ਅਸੈਂਬਲੀ ਵਲੋਂ ਸਿੱਖਾਂ ਦੀ ਆਜ਼ਾਦੀ ਦੇ ਐਲਾਨ ਦੀ ਵਰ੍ਹੇਗੰਢ ਨੂੰ ਮਾਨਤਾ ਦੇਣ ਵਾਲੇ ਹਵਾਲੇ ਦੀ ਸਖ਼ਤ ਨਿੰਦਾ ਕੀਤੀ ਹੈ। ਕੌਂਸਲੇਟ ਨੇ ਕਿਹਾ ਕਿ ਉਹ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਨਾਲ ਇਸ ਮੁੱਦੇ ਨੂੰ ਸੰਬੰਧਤ ਅਮਰੀਕੀ ਸੰਸਦ ਮੈਂਬਰਾਂ ਕੋਲ ਮੁਨਾਸਿਬ ਢੰਗ ਨਾਲ ਉਠਾਉਣਗੇ। ਭਾਰਤੀ ਕੌਂਸਲੇਟ ਨੇ ਕਿਹਾ ਕਿ ਅਸੀਂ ਇਕ ਗੈਰ-ਕਾਨੂੰਨੀ ਕਾਰਵਾਈ ਦੇ ਸੰਬੰਧ ਵਿਚ ਅਮਰੀਕਾ 'ਚ ਕਨੈਕਟੀਕਟ ਰਾਜ ਦੀ ਜਨਰਲ ਅਸੈਂਬਲੀ ਦੇ ਅਖੌਤੀ ਹਵਾਲੇ ਦੀ ਨਿੰਦਾ ਕਰਦੇ ਹਾਂ। ਇਹ ਕੁਝ ਸ਼ਰਾਰਤੀ ਅਨਸਰਾਂ ਵਲੋਂ ਅਸੈਂਬਲੀ ਦੇ ਨਾਂਅ ਨੂੰ ਆਪਣੇ ਨਾਪਾਕ ਉਦੇਸ਼ਾਂ ਲਈ ਵਰਤਨ ਦੀ ਕੋਸ਼ਿਸ਼ ਹੈ। ਇਹ ਭਾਈਚਾਰਿਆਂ ਨੂੰ ਵੰਡਣ ਅਤੇ ਕੱਟੜਤਾ ਤੇ ਨਫ਼ਰਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਹਿੰਸਾ ਦੇ ਉਨ੍ਹਾਂ ਦੇ ਏਜੰਡੇ ਦੀ ਅਮਰੀਕਾ ਅਤੇ ਭਾਰਤ ਵਰਗੇ ਜਮਹੂਰੀ ਸਮਾਜਾਂ ਵਿਚ ਕੋਈ ਥਾਂ ਨਹੀਂ। ਅਧਿਕਾਰਤ ਹਵਾਲੇ 'ਚ ਕਨੈਕਟੀਕਟ ਰਾਜ ਦੀ ਜਨਰਲ ਅਸੈਂਬਲੀ ਨੇ ਸਿੱਖਾਂ ਦੀ ਆਜ਼ਾਦੀ ਦੇ ਐਲਾਨ ਦੀ 36ਵੀਂ ਵਰ੍ਹੇਗੰਢ ਨੂੰ ਮਿਲੀ ਮਾਨਤਾ ਲਈ ਖਾਲਿਸਤਾਨ ਪੱਖੀ ਸੰਸਥਾ 'ਵਰਲਡ ਸਿੱਖ ਪਾਰਲੀਮੈਂਟ' ਨੂੰ ਵਧਾਈ ਦਿੱਤੀ ਹੈ।


