ਅੰਮਿ੍ਤਸਰ - ਪਾਕਿਸਤਾਨ ਦੇ ਲਹਿੰਦੇ ਪੰਜਾਬ 'ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ.-ਐਨ.) ਦੀ ਨਵੀਂ ਸਰਕਾਰ ਬਣਨ 'ਤੇ ਪਾਕਿਸਤਾਨੀ ਸਿੱਖ ਭਾਈਚਾਰੇ ਨੇ ਇਕ ਵਾਰ ਮੁੜ ਤੋਂ ਅਨੰਦ ਕਾਰਜ ਬਿੱਲ ਲਾਗੂ ਹੋਣ ਦੀ ਆਸ ਪ੍ਰਗਟਾਈ ਹੈ | ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੱਖ ਮੈਰਿਜ ਐਕਟ ਲਹਿੰਦੇ ਪੰਜਾਬ ਦੀ ਅਸੈਂਬਲੀ 'ਚ ਪਾਸ ਹੋ ਗਿਆ ਸੀ, ਪਰ ਕੁਝ ਤਕਨੀਕੀ ਖ਼ਾਮੀਆਂ ਕਾਰਨ ਇਹ 'ਅਨੰਦ ਕਾਰਜ ਬਿੱਲ' ਨਾਂਅ ਹੇਠ ਲਾਗੂ ਨਹੀਂ ਹੋ ਸਕਿਆ | ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਐਮ. ਪੀ. ਏ. ਅਤੇ ਸਾਬਕਾ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪੀ. ਐਮ. ਐਲ.-ਐਨ. ਦੇ ਐਮ. ਪੀ. ਏ. ਰਮੇਸ਼ ਸਿੰਘ ਅਰੋੜਾ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਪੰਜਾਬ ਅਸੈਂਬਲੀ ਦੇ 34ਵੇਂ ਇਜਲਾਸ 'ਚ ਅਨੰਦ ਕਾਰਜ ਐਕਟ ਨੂੰ ਲਾਗੂ ਕੀਤੇ ਜਾਣ ਦਾ ਦਾਅਵਾ ਕਰਦਿਆਂ ਭਾਰਤ ਸਮੇਤ ਵਿਸ਼ਵ ਭਰ ਦੇ ਸਿੱਖਾਂ ਨੂੰ ਪਾਕਿ ਆ ਕੇ ਅਨੰਦ ਕਾਰਜ ਕਰਵਾਉਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ | ਹਾਲਾਂਕਿ, ਅਜੇ ਤੱਕ ਉਕਤ ਬਿੱਲ ਦੇ ਨਿਯਮਾਂ ਅਤੇ ਕਾਨੂੰਨੀ ਢਾਂਚੇ ਨੂੰ ਮਨੁੱਖੀ ਅਧਿਕਾਰ ਮੰਤਰਾਲੇ ਵਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ | ਪਾਕਿ ਸਿੱਖ ਆਗੂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਨੇ ਵੀ ਲਹਿੰਦੇ ਪੰਜਾਬ 'ਚ ਅਨੰਦ ਕਾਰਜ ਬਿੱਲ ਮਨਜ਼ੂਰ ਕਰਨ ਦੀ ਅਪੀਲ ਕਰਦਿਆਂ ਇਸ ਦੇ ਜਲਦੀ ਲਾਗੂ ਹੋਣ ਦੀ ਆਸ ਪ੍ਰਗਟਾਈ ਹੈ | ਉਧਰ ਪਾਕਿ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਅਨੰਦ ਕਾਰਜ ਬਿੱਲ ਸਮੁੱਚੇ ਸਿੱਖ ਜਗਤ ਦਾ ਇੱਕ ਮਹੱਤਵਪੂਰਨ ਮਾਮਲਾ ਹੈ ਅਤੇ ਪਾਕਿ ਸਿੱਖ ਸਿਆਸਤਦਾਨਾਂ ਵਲੋਂ ਸਾਲ 2006 ਤੋਂ ਅਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਦਾ ਭਰੋਸਾ ਦੇ ਕੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਹੈ |


