ਨਵੀਂ ਦਿੱਲੀ - ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੂੰ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਸਾਈਬਰ ਸੈੱਲ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁਹਾਲੀ ਪੁਲੀਸ ਨੇ ਬੱਗਾ ਖ਼ਿਲਾਫ਼ ਸਾਈਬਰ ਸੈੱਲ ਵਿੱਚ ਕੇਸ ਦਰਜ ਕੀਤਾ ਸੀ। ਇਸ ਦੌਰਾਨ ਦਿੱਲੀ ਪੁਲੀਸ ਦੀ ਟੀਮ ਨੇ ਕੁਰੂਕਸ਼ੇਤਰ ਤੋਂ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਹਿਰਾਸਤ 'ਚ ਲਿਆ ਤੇ ਉਸ ਨੂੰ ਆਪਣੇ ਨਾਲ ਲੈ ਕੇ ਰਾਸ਼ਟਰੀ ਰਾਜਧਾਨੀ ਲਈ ਰਵਾਨਾ ਹੋ ਗਈ। ਹੁਣ ਇਸ ਮਾਮਲੇ 'ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਭਾਜਪਾ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਤਜਿੰਦਰ ਪਾਲ ਸਿੰਘ ਬੱਗਾ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਅਤੇ ਸਮਾਜ ਨੂੰ ਧਰਮ ਅਤੇ ਜਾਤ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ।
ਭਾਜਪਾ ਆਗੂ ਕਪਿਲ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲੀਸ ਦੇ 50 ਮੁਲਾਜ਼ਮਾਂ ਨੇ ਤਜਿੰਦਰ ਬੱਗਾ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਕਪਿਲ ਮਿਸ਼ਰਾ ਨੇ ਟਵੀਟ ਕੀਤਾ,'ਤਜਿੰਦਰ ਬੱਗਾ ਨੂੰ ਪੰਜਾਬ ਪੁਲੀਸ ਦੇ 50 ਮੁਲਾਜ਼ਮਾਂ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਚੁੱਕ ਕੇ ਲੈ ਗਏ। ਬੱਗਾ ਸੱਚਾ ਸਰਦਾਰ ਹੈ, ਉਸ ਨੂੰ ਅਜਿਹੀਆਂ ਹਰਕਤਾਂ ਨਾਲ ਡਰਾਇਆ ਜਾਂ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਸੱਚੇ ਸਰਦਾਰ ਤੋਂ ਏਨਾ ਡਰ ਕਿਉਂ?'
ਦੂਜੇ ਪਾਸੇ ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਲਈ ਪੰਜਾਬ ਵਿੱਚ ਆਪਣੀ ਪਾਰਟੀ ਦੀ ਸੱਤਾ ਦੀ ਸਿਆਸੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਔਖੀ ਘੜੀ ਵਿੱਚ ਦਿੱਲੀ ਦਾ ਹਰ ਨਾਗਰਿਕ ਬੱਗਾ ਦੇ ਪਰਿਵਾਰ ਨਾਲ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲਿਆਨ ਨੇ ਭਾਜਪਾ ਨੂੰ ਲੁਟੇਰਿਆਂ ਦੀ ਪਾਰਟੀ ਕਿਹਾ ਹੈ। ਉਨ੍ਹਾਂ ਕਿਹਾ ਕਿ ਬੱਗਾ ਨੂੰ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਬਾਲਿਆਨ ਨੇ ਦਾਅਵਾ ਕੀਤਾ ਕਿ ਬੱਗਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕੀ ਦਿੱਤੀ ਸੀ। ਬੱਗਾ ਖ਼ਿਲਾਫ਼ ਇਹ ਮੁਕੱਦਮਾ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਸੰਨੀ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਪੁਲੀਸ ਸਿੰਘ ਬੱਗਾ ਦੀ ਭਾਲ ਵਿੱਚ ਸੀ। ਪੰਜਾਬ ਪੁਲੀਸ ਨੂੰ ਬੱਗਾ ਦੀ ਭਾਲ ਵਿੱਚ ਪਹਿਲਾਂ ਦਿੱਲੀ ਤੋਂ ਬੈਰੰਗ ਪਰਤਣਾ ਪਿਆ।


