ਸਿਆਟਲ - ਅਮਰੀਕਾ ਦੇ ਕਨੈਕਟੀਕਟ ਸੂਬੇ ਨੇ ਉਸ ਵੇਲੇ ਸਿੱਖਾਂ ਦਾ ਮਾਣ ਹੋਰ ਵਧਾ ਦਿੱਤਾ ਜਦੋਂ ਹਾਊਸ ਨੇ ਸਰਕਾਰੀ ਤੌਰ 'ਤੇ ਐਸ.ਬੀ.133 ਦਸਤਾਰ ਬਿੱਲ ਪਾਸ ਕਰ ਦਿੱਤਾ | ਵਰਲਡ ਸਿੱਖ ਪਾਰਲੀਮੈਂਟ ਦੇ ਯਤਨਾਂ ਸਦਕਾ ਇਸ 'ਦਸਤਾਰ ਬਿੱਲ' ਨੂੰ ਲੈ ਕੇ ਹੋਈ ਵੋਟਿੰਗ ਵਿਚ 36 ਵਿਚੋਂ 35 ਵੋਟਾਂ ਬਿੱਲ ਦੇ ਹੱਕ ਵਿਚ ਪਈਆਂ | ਇਸ ਬਿੱਲ ਅਨੁਸਾਰ ਦਸਤਾਰ ਨੂੰ ਸਿੱਖਾਂ ਦੇ ਧਰਮ ਦਾ ਅੰਗ ਮੰਨਿਆ ਗਿਆ ਹੈ | ਹੁਣ ਕਨੇਟੀਕਟ ਸਟੇਟ ਵਿਚ ਕਿਤੇ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਨ ਸਮੇਂ ਦਸਤਾਰ ਅੜਿਕਾ ਨਹੀਂ ਬਣੇਗੀ ਤੇ ਸਿੱਖ ਬਿਨਾਂ ਰੁਕਾਵਟ ਦੇ ਹਰ ਖੇਤਰ ਵਿਚ ਆਪਣੀ ਦਸਤਾਰ ਦਾ ਮਾਣ ਵਧਾ ਸਕਦੇ ਹਨ | ਸੈਨੇਟ ਵਲੋਂ ਇਹ ਬਿੱਲ ਪਾਸ ਕਰਕੇ ਸਟੇਟ ਦੇ ਗਵਰਨਰ ਨੈਡ ਲਮੋਟ ਦੇ ਦਸਤਖ਼ਤ ਕਰਨ ਲਈ ਭੇਜ ਦਿੱਤਾ ਹੈ | ਵਰਲਡ ਸਿੱਖ ਪਾਰਲੀਮੈਂਟ ਦੀ ਸਮੁੱਚੀ ਟੀਮ ਇਸ ਬਿੱਲ ਦੇ ਪਾਸ ਹੋਣ 'ਤੇ ਦੁਨੀਆ ਭਰ ਦੇ ਸਿੱਖਾਂ ਨੂੰ ਵਧਾਈ ਦੱਤੀ ਹੈ | ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ ਸਮੇਤ ਅਮਰੀਕਾ ਦੇ ਬਹੁਤ ਸਾਰੇ ਨਾਮਵਰ ਸਿੱਖਾਂ ਨੇ ਵੀ ਇਸ ਬਿੱਲ ਦੇ ਪਾਸ ਹੋਣ 'ਤੇ ਖ਼ੁਸ਼ੀ ਪ੍ਰਗਟਾਈ ਹੈ | ਯਾਦ ਰਹੇ ਇਸੇ ਕਨੇਟੀਕਟ ਸਟੇਟ ਨੇ ਬੀਤੀ 29 ਅਪ੍ਰੈਲ ਨੂੰ ਖ਼ਾਲਿਸਤਾਨ ਐਲਾਨਾਮੇ ਨੂੰ ਵੀ ਮਾਨਤਾ ਦਿੱਤੀ ਸੀ, ਜਿਸ ਦਾ ਭਾਰਤ ਸਰਕਾਰ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ ਤੇ ਇਹ ਬਿੱਲ ਵਾਪਸ ਲੈਣ ਦੀ ਮੰਗ ਵੀ ਉੱਠੀ ਸੀ |


