ਫਰੈਂਕਫਰਟ - ਵਰਲਡ ਸਿੱਖ ਪਾਰਲੀਮੈਂਟ (ਯੂਰਪ) ਦੇ ਮੈਂਬਰਾਂ ਨੇ 'ਸਿੱਖ ਆਜ਼ਾਦੀ ਦਿਵਸ' ਦੇ ਐਲਾਨਨਾਮੇ ਦੀ 29 ਅਪ੍ਰੈਲ ਨੂੰ ਮਨਾਈ ਵਰ੍ਹੇਗੰਢ ਨੂੰ ਮਾਨਤਾ ਦੇਣ 'ਤੇ ਅਮਰੀਕਾ ਦੇ ਸੂਬੇ ਕਨੈਕਟੀਕਟ ਦੀ ਜਨਰਲ ਅਸੈਂਬਲੀ ਦਾ ਧੰਨਵਾਦ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਭਾਰਤ ਸਰਕਾਰ ਵੱਲੋਂ ਅਤੇ ਭਾਰਤ ਹਮਾਇਤੀ ਪਾਰਟੀਆਂ ਵੱਲੋਂ ਇਸ ਮਤੇ ਦਾ ਵਿਰੋਧ ਕਰਨ ਦੀ ਨਿਖੇਧੀ ਵੀ ਕੀਤੀ | ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਖਾਲਸਾ ਰਾਜ ਜਾਂ ਖਾਲਿਸਤਾਨ ਸਿੱਖਾਂ ਦਾ ਰਾਜਸੀ ਨਿਸ਼ਾਨਾ ਹੈ ਅਤੇ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ | ਭਾਰਤ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਅਪ੍ਰੈਲ 1978 ਵਿਚ ਆਜ਼ਾਦੀ ਦੀ ਪ੍ਰਾਪਤੀ ਲਈ ਸ਼ੁਰੂ ਹੋਇਆ ਸੰਘਰਸ਼ ਅੱਜ ਤੱਕ ਜਾਰੀ ਹੈ ਅਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ | ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਹਮਲੇ ਤੋਂ ਬਾਅਦ ਸਰਬੱਤ ਖਾਲਸਾ ਵੱਲੋਂ ਬਣਾਈ ਪੰਥਕ ਕਮੇਟੀ ਨੇ ਅਪ੍ਰੈਲ 1986 ਨੂੰ ਖਾਲਿਸਤਾਨ ਪ੍ਰਤੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਸੀ ਤੇ ਇਸ ਦਿਨ ਨੂੰ ਪੂਰੀ ਦੁਨੀਆਂ ਵਿਚ ਆਜ਼ਾਦੀ ਪਸੰਦ ਸਿੱਖ ਧੂਮ ਧਾਮ ਨਾਲ ਮਨਾਉਂਦੇ ਹਨ ਅਤੇ ਖਾਲਿਸਤਾਨ ਦੀ ਪ੍ਰਾਪਤੀ ਦੇ ਆਪਣੇ ਪ੍ਰਣ ਨੂੰ ਦੁਹਰਾਉਂਦੇ ਹਨ | ਇਸ ਮੌਕੇ ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ ਹਾਲੈਂਡ, ਭਾਈ ਗੁਰਪਾਲ ਸਿੰਘ, ਭਾਈ ਕੁਲਦੀਪ ਸਿੰਘ ਬੈਲਜੀਅਮ, ਭਾਈ ਸਤਨਾਮ ਸਿੰਘ ਫਰਾਂਸ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਸਿੱਖ ਹਮੇਸ਼ਾਂ ਪੰਜਾਬ ਨੂੰ ਆਪਣੇ ਦਿਲ ਵਿਚ ਵਸਾ ਕੇ ਰੱਖਦੇ ਹਨ ਅਤੇ ਖਾਲਿਸਤਾਨ ਦੀ ਪ੍ਰਾਪਤੀ ਦੇ ਨਿਸ਼ਾਨੇ ਪ੍ਰਤੀ ਵਚਨਬੱਧ ਹਨ, ਉਨ੍ਹਾਂ ਨੇ ਵਿਦੇਸ਼ਾਂ ਵਿਚ ਵਸਦੇ ਸਮੂਹ ਆਜ਼ਾਦੀ ਪਸੰਦ ਸਿੱਖਾਂ ਨੂੰ ਬੇਨਤੀ ਕੀਤੀ ਕਿ ਉਹ ਅਮਰੀਕਾ ਦੇ ਸਿੱਖਾਂ ਵੱਲੋਂ ਕੀਤੀ ਪ੍ਰਾਪਤੀ ਨੂੰ ਵੱਧ ਚੜ੍ਹ ਕੇ ਪ੍ਰਚਾਰਨ |


