ਨਵੀਂ ਦਿੱਲੀ - ਦੇਸ਼ 'ਚ ਧਾਰਮਿਕ ਮਾਮਲਿਆਂ ਨੂੰ ਲੈ ਕੇ ਛਿੜੇ ਵਿਵਾਦਾਂ ਦਾ ਘੇਰਾ ਲਗਾਤਾਰ ਵੱਧਦਾ ਜਾ ਰਿਹਾ ਹੈ | ਇਕ ਪਾਸੇ ਅਜਾਨ, ਹਨੂੰਮਾਨ ਚਾਲੀਸਾ ਅਤੇ ਲਾਊਡ ਸਪੀਕਰ ਸੰਬੰਧੀ ਮਸਲਿਆਂ ਕਾਰਨ ਦੇਸ਼ ਦੀ ਸਿਆਸਤ 'ਚ ਪਹਿਲਾਂ ਹੀ ਉਬਾਲ ਆਇਆ ਹੋਇਆ ਹੈ ਦੂਜੇ ਪਾਸੇ ਤਾਜ ਮਹੱਲ ਅਤੇ ਕੁਤੁਬ ਮੀਨਾਰ ਦਾ ਨਾਂਅ ਬਦਲਣ ਦੀ ਮੰਗ ਸਿਆਸਤ ਨੂੰ ਹੋਰ ਭਖਾ ਰਹੀ ਹੈ | ਇਸੇ ਦੇ ਮੱਦੇਨਜ਼ਰ ਕੁਤੁਬ ਮੀਨਾਰ ਦਾ ਨਾਂਅ ਬਦਲਣ ਦੀ ਮੰਗ ਨੂੰ ਲੈ ਕੇ ਕੁਝ ਹਿੰਦੂ ਸੰਗਠਨਾਂ ਵਲੋਂ ਕੁਤੁਬ ਮੀਨਾਰ ਦੇ ਨੇੜੇ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਕੁਤੁਬ ਮੀਨਾਰ ਦਾ ਨਾਂਅ ਬਦਲ ਕੇ 'ਵਿਸ਼ਨੂੰ ਸਤੰਬ' ਕੀਤਾ ਜਾਵੇ | ਪ੍ਰਦਰਸ਼ਨ ਕਰਨ ਵਾਲੇ ਹਿੰਦੂ ਸੰਗਠਨਾਂ ਵਲੋਂ ਉਥੇ ਹਨੂੰਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ | ਉਨ੍ਹਾਂ ਦਾ ਦਾਅਵਾ ਹੈ ਕਿ ਕੁਤੁਬ ਮੀਨਾਰ ਦੀ ਉਸਾਰੀ ਹਿੰਦੂ ਅਤੇ ਜੈਨ ਮੰਦਿਰਾਂ ਨੂੰ ਢਾਹ ਕੇ ਕੀਤੀ ਗਈ ਸੀ | ਦਰਅਸਲ ਹਿੰਦੂ ਸੰਗਠਨਾਂ ਵਲੋਂ ਪਹਿਲਾਂ ਹੀ ਇੱਥੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ ਕੀਤਾ ਗਿਆ ਸੀ | ਇਸ ਤੋਂ ਬਾਅਦ ਇਥੇ ਪੁਲਿਸ ਦਾ ਭਾਰੀ ਬੰਦੋਬਸਤ ਕੀਤਾ ਗਿਆ | ਜਦੋਂ ਉਨ੍ਹਾਂ ਨੂੰ ਕੁਤੁਬ ਮੀਨਾਰ ਕੰਪਲੈਕਸ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਤਾਂ ਉਨ੍ਹਾਂ ਕੁਤੁਬ ਮੀਨਾਰ ਦੇ ਬਾਹਰ ਬੈਠ ਕੇ ਹਨੂੰਮਾਨ ਚਾਲੀਸਾ ਪੜਨਾ ਸ਼ੁਰੂ ਕਰ ਦਿੱਤਾ | ਇਸ ਮੌਕੇ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਹੈ | ਯੂਨਾਈਟਿਡ ਹਿੰਦੂ ਫਰੰਟ ਵਲੋਂ ਮੰਗ ਕੀਤੀ ਗਈ ਕਿ ਨਾਂਅ ਬਦਲਣ ਦੇ ਨਾਲ ਹੀ ਇੱਥੇ ਹਿੰਦੂਆਂ ਨੂੰ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ |


