ਨਵੀਂ ਦਿੱਲੀ - ਪੰਜਾਬ ਵਿੱਚ ਸੰਗਰੂਰ ਦੀ ਸੰਸਦੀ ਸੀਟ ਸਣੇ ਤਿੰਨ ਲੋਕ ਸਭਾ ਸੀਟਾਂ ਤੇ ਛੇ ਰਾਜਾਂ ਦੀਆਂ ਸੱਤ ਅਸੈਂਬਲੀ ਸੀਟਾਂ ਲਈ ਜ਼ਿਮਨੀ ਚੋਣ 23 ਜੂਨ ਨੂੰ ਹੋਵੇਗੀ। ਜਿਨ੍ਹਾਂ ਦੋ ਹੋਰ ਸੰਸਦੀ ਸੀਟਾਂ ’ਤੇ ਜ਼ਿਮਨੀ ਚੋਣ ਹੋਣੀ ਹੈ, ਉਨ੍ਹਾਂ ਵਿੱਚ ਆਜ਼ਮਗੜ੍ਹ ਤੇ ਰਾਮਪੁਰ ਸ਼ਾਮਲ ਹਨ। ਇਹ ਦੋਵੇਂ ਸੀਟਾਂ ਯੁੂਪੀ ਵਿੱਚ ਹਨ ਤੇ ਕ੍ਰਮਵਾਰ ਸਮਾਜਵਾਦੀ ਪਾਰਟੀ ਆਗੂਆਂ ਅਖਿਲੇਸ਼ ਯਾਦਵ ਤੇ ਮੁਹੰਮਦ ਆਜ਼ਮ ਖ਼ਾਨ ਦੇ ਅਸੈਂਬਲੀ ਚੋਣਾਂ ਜਿੱਤਣ ਕਰਕੇ ਖਾਲੀ ਹੋਈਆਂ ਹਨ। ਸੰਗਰੂਰ ਦੀ ਸੀਟ ਭਗਵੰਤ ਮਾਨ ਵੱਲੋਂ ਖਾਲੀ ਕੀਤੀ ਗਈ ਹੈ, ਜੋ ਪੰਜਾਬ ਅਸੈਂਬਲੀ ਦੀਆਂ ਹਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਮਗਰੋਂ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਸੱਤ ਅਸੈਂਬਲੀ ਸੀਟਾਂ ਵਿੱਚੋਂ ਇਕ ਸੀਟ ਦਿੱਲੀ ਦੇ ਰਾਜਿੰਦਰ ਨਗਰ ਦੀ ਹੈ। ਰਾਘਵ ਚੱਢਾ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਜਾਣ ਮਗਰੋਂ ਇਹ ਸੀਟ ਖਾਲੀ ਹੋਈ ਹੈ। ਹੋਰਨਾਂ ਅਸੈਂਬਲੀ ਸੀਟਾਂ, ਜਿੱਥੇ ਜ਼ਿਮਨੀ ਚੋਣ ਹੋਣੀ ਹੈ, ਵਿੱਚ ਝਾਰਖੰਡ ਦੀ ਮੰਦਰ, ਆਂਧਰਾ ਪ੍ਰਦੇਸ਼ ਦੇ ਆਤਮਾਕੁਰ ਅਤੇ ਤ੍ਰਿਪੁਰਾ ਦੀਆਂ ਅਗਰਤਲਾ, ਟਾਊਨ ਬੋਰਡੋਵਾਲੀ, ਸੁਰਮਾ ਤੇ ਜੁਬਰਾਜਨਗਰ ਸ਼ਾਮਲ ਹਨ। ਚੋਣ ਕਮਿਸ਼ਨ ਨੇ ਬਿਆਨ ਵਿੱਚ ਕਿਹਾ ਕਿ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ ਜਦੋਂਕਿ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ 30 ਮਈ ਨੂੰ ਜਾਰੀ ਹੋਵੇਗਾ।
ਲੋਕ ਸਭਾ ਹਲਕਾ ਸੰਗਰੂਰ, ਜਿਸ ਦੀ 2014 ਤੋਂ ਭਗਵੰਤ ਮਾਨ ਨੁਮਾਇੰਦਗੀ ਕਰ ਰਹੇ ਸਨ, ਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਿਧਾਨ ਸਭਾ ਹਲਕਾ ਧੂਰੀ ਤੋਂ ਜਿੱਤ ਪ੍ਰਾਪਤ ਕਰਕੇ ਪੰਜਾਬ ਵਿਧਾਨ ਸਭਾ ਵਿਚ ਪਹੁੰਚਣ ਤੋਂ ਬਾਅਦ ਇਹ ਲੋਕ ਸਭਾ ਸੀਟ ਖਾਲੀ ਹੋ ਗਈ ਹੈ | ਮੁੱਖ ਮੰਤਰੀ ਭਗਵੰਤ ਮਾਨ ਵਲੋਂ 14 ਮਾਰਚ, 2022 ਨੰੂ ਲੋਕ ਸਭਾ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੁਣ ਇਸ ਹਲਕੇ ਜ਼ਿਮਨੀ ਚੋਣ ਹੋਣਾ ਸ਼ੁਭਾਵਿਕ ਹੈ | ਬੇਸ਼ੱਕ ਸ਼ੋ੍ਰਮਣੀ ਅਕਾਲੀ ਦਲ (ਬ) ਨੰੂ ਛੱਡ ਕੇ ਸਭ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਪਰ ਲੋਕਾਂ ਦੀਆਂ ਨਜ਼ਰਾਂ ਇਸ ਸਮੇਂ ਆਮ ਆਦਮੀ ਪਾਰਟੀ 'ਤੇ ਟਿੱਕੀਆਂ ਹੋਈਆਂ ਹਨ | ਲੋਕ ਸਭਾ ਦੀ ਇਸ ਜ਼ਿਮਨੀ ਚੋਣ ਲਈ 'ਆਪ' ਦੀ ਟਿਕਟ ਦੀ ਚਾਹਤ ਰੱਖਣ ਵਾਲਿਆਂ ਦੀ ਕਤਾਰ ਕਾਫੀ ਲੰਮੀ ਹੈ ਪਰ ਅੱਜ-ਕੱਲ੍ਹ ਪਾਰਟੀ ਆਗੂਆਂ ਅਤੇ ਵਲੰਟੀਅਰਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦਾ ਨਾਂਅ ਕਾਫੀ ਚਰਚਾ ਵਿਚ ਹੈ, ਕਿਉਂਕਿ ਮਨਪ੍ਰੀਤ ਕੌਰ ਨੇ ਖੇਤਰ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਕਾਫੀ ਵਧਾਈਆਂ ਹੋਈਆਂ ਹਨ ਪਰ ਮੀਡੀਆ ਅੱਗੇ ਉਨ੍ਹਾਂ ਵਲੋਂ ਇਹੋ ਕਿਹਾ ਜਾ ਰਿਹਾ ਹੈ ਕਿ ਪਾਰਟੀ ਜੋ ਵੀ ਫੈਸਲਾ ਲਵੇਗੀ, ਉਸ ਨੰੂ ਮਨਜ਼ੂਰ ਹੋਵੇਗਾ | ਬੇਸ਼ੱਕ ਉਨ੍ਹਾਂ ਸਿੱਧੇ ਤੌਰ 'ਤੇ ਇਸ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਪਰ ਤਿੰਨ-ਚਾਰ ਦਿਨ ਤੋਂ ਇਹ ਅਟਕਲਾਂ ਕਾਫੀ ਤੇਜ਼ ਹੋ ਗਈਆਂ ਹਨ | ਉੱਧਰ ਜੇਕਰ ਪਾਰਟੀ ਵਲੋਂ 28 ਜਨਵਰੀ, 2021 ਨੰੂ ਜਾਰੀ ਕੀਤੇ ਪਾਰਟੀ ਸੰਵਿਧਾਨ ਦੀ ਗੱਲ ਕਰੀਏ ਤਾਂ ਉਸ ਦੇ ਪੰਨਾ ਨੰ: 17 'ਤੇ ਸਾਫ ਲਿਖਿਆ ਹੈ ਕਿ ਇਕ ਪਰਿਵਾਰ 'ਚੋਂ ਦੋ ਵਿਅਕਤੀਆਂ ਨੰੂ ਚੋਣਾਂ ਲੜਨ ਲਈ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ | ਜੇਕਰ ਪਾਰਟੀ ਆਪਣੇ ਸੰਵਿਧਾਨ 'ਤੇ ਖਰੀ ਉਤਰਦੀ ਹੈ ਤਾਂ ਮਨਪ੍ਰੀਤ ਕੌਰ ਸੰਗਰੂਰ ਦੀ ਜ਼ਿਮਨੀ ਚੋਣ ਦੀ ਟਿਕਟ ਦਿੱਤਾ ਜਾਣਾ ਮੁਸ਼ਕਲ ਜਾਪਦਾ ਹੈ |
ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਸੰਗਰੂਰ ਤੋਂ ਲੋਕ ਸਭਾ ਦੀ ਹੋਣ ਵਾਲੀ ਜ਼ਿਮਨੀ ਚੋਣ ਲੜਨਗੇ | ਪਾਰਟੀ ਇਸ ਦਾ ਬਾਕਾਇਦਾ ਐਲਾਨ ਉਦੋਂ ਕਰੇਗੀ ਜਦੋਂ ਜ਼ਿਮਨੀ ਚੋਣ ਸਬੰਧੀ ਚੋਣ ਕਮਿਸ਼ਨ ਵਲੋਂ ਐਲਾਨ ਕੀਤਾ ਜਾਵੇਗਾ | ਉਨ੍ਹਾਂ ਸੰਪਰਕ ਕਰਨ 'ਤੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੈਂ ਲੋਕ ਸਭਾ ਹਲਕਾ ਸੰਗਰੂਰ ਦੀ ਨੁਮਾਇੰਦਗੀ ਕਰ ਚੁੱਕਾ ਹਾਂ | ਉਨ੍ਹਾਂ ਦਾਅਵਾ ਕੀਤਾ ਕਿ ਮੈਂ ਲੋਕ ਸਭਾ ਵਿਚ ਜਾ ਕੇ ਪੰਜਾਬੀਆਂ ਵਿਸ਼ੇਸ਼ ਤੌਰ 'ਤੇ ਸਿੱਖਾਂ ਲਈ ਆਵਾਜ਼ ਬੁਲੰਦ ਕਰਾਂਗਾ |