ਨਵੀਂ ਦਿੱਲੀ - ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਧਰਮ ਅੰਤਰਜਾਤੀ ਵਿਆਹ ਦੇ ਵਿਰੁੱਧ ਨਹੀਂ ਹੈ ਅਤੇ ਇਹ ਵਿਅਕਤੀ ਅਤੇ ਔਰਤ ਦੇ ਸੁਮੇਲ ਦਾ ਮੁੱਦਾ ਹੈ। ਉਹ ਇਥੇ ਅੰਤਰਜਾਤੀ ਵਿਆਹਾਂ, ਸਿੱਖਿਆ ਅਤੇ ਜਾਤ ਸਬੰਧੀ ਸਵਾਲਾਂ ਦੇ ਜਵਾਬ ਦੇ ਰਹੇ ਸਨ। ਭਾਗਵਤ ਨੇ ਕਿਹਾ ਕਿ ਜੇ ਅੰਤਰਜਾਤੀ ਵਿਆਹਾਂ ਦੀ ਗਿਣਤੀ ਕਰਵਾਈ ਜਾਵੇ ਤਾਂ ਉਸ ਵਿੱਚ ਜ਼ਿਆਦਾਤਰ ਕੇਸ ਉਹ ਮਿਲਣਗੇ ਜਿਨ੍ਹਾਂ ਦਾ ਸਬੰਧ ਸੰਘ ਨਾਲ ਹੈ। ਆਰਐੱਸਐੱਸ ਦੇ ਤਿੰਨ ਦਿਨਾ ਸਮਾਗਮ ਦੇ ਆਖ਼ਰੀ ਦਿਨ ਆਰਐਸਐਸ ਮੁਖੀ ਨੇ ਕਿਹਾ ਕਿ ਭਾਰਤ ਨੂੰ ਨਵੀਂ ਸਿੱਖਿਆ ਨੀਤੀ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਤਬਦੀਲੀ ਗਲਤ ਹੈ। ਸਮਾਗਮ ਦੇ ਆਖ਼ਰੀ ਦਿਨ ਉਨ੍ਹਾਂ ਕਿਹਾ ਕਿ ਸਵੈਮ ਸੇਵਕ ਸੰਘ ਸੰਵਿਧਾਨ ਦੀ ਧਾਰਾ 370 ਅਤੇ 35-ਏ ਨੂੰ ਸਵੀਕਾਰ ਨਹੀਂ ਕਰੇਗਾ ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੋਵੇ। ਉਨ੍ਹਾਂ ਕਿਹਾ ਕਿ ਉਹ ਇਸ ਸੂਬੇ ਦੀ ਤਰੱਕੀ ਦੀ ਕਾਮਨਾ ਕਰਦੇ ਹਨ ਅਤੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਇਥੋਂ ਦੇ ਲੋਕ ਮੁੱਖ ਧਾਰਾ ਵਿੱਚ ਸ਼ਾਮਲ ਹੋਣ। ਸਵਾਲਾਂ ਦਾ ਜਵਾਬ ਦਿੰਦਿਆਂ ਭਾਗਵਤ ਨੇ ਕਿਹਾ ਕਿ ਹਿੰਦੁਤਵ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦਾ ਗੁੱਸਾ ਨਹੀਂ ਹੈ ਅਤੇ ਸੰਸਾਰ ਭਰ ਵਿੱਚ ਇਸ ਦਾ ਪਸਾਰ ਹੋਇਆ ਹੈ, ਲੋਕ ਇਸ ਨੂੰ ਅਪਣਾ ਰਹੇ ਹਨ। ਮਹਿਲਾਵਾਂ ਦੀ ਸੁਰੱਖਿਆ ਅਤੇ ਵਧਦੇ ਬਲਾਤਕਾਰ ਦੇ ਮਾਮਲਿਆਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਵਾਤਾਵਰਨ ਸਿਰਜਣਾ ਚਾਹੁੰਦੇ ਹਾਂ ਜਿਥੇ ਮਹਿਲਾਵਾਂ ਆਪਣੇ ਆਪ ਨੂੰ ਭੈਅ ਮੁਕਤ ਅਤੇ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਆਦਮੀ ਮਹਿਲਾਵਾਂ ਦੀ ਇੱਜ਼ਤ ਕਰਨਾ ਸਿੱਖਣ।


