ਅੰਮ੍ਰਿਤਸਰ - ਦਿੱਲੀ ਕਮੇਟੀ ਨੇ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਦੇ ਬਰਾਬਰ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕਰਨ ਲਈ ਇੱਥੇ ਦਫ਼ਤਰ ਖੋਲ੍ਹ ਦਿੱਤਾ ਹੈ। ਇਸ ਸਬੰਧੀ ਦਿੱਲੀ ਕਮੇਟੀ ਦੇ ਪ੍ਰਚਾਰਕ ਪਿੰਡ-ਪਿੰਡ ਜਾਣਗੇ ਅਤੇ ਸਿੱਖੀ ਤੋਂ ਮੂੰਹ ਮੋੜਨ ਵਾਲਿਆਂ ਨੂੰ ਮੁੜ ਸਿੱਖੀ ਨਾਲ ਜੋੜਨ ਦਾ ਯਤਨ ਕਰਨਗੇ। ਇਸ ਮੁਹਿੰਮ ਤਹਿਤ ਦੋਹਾਂ ਸੰਸਥਾਵਾਂ ਦੇ ਆਹਮੋ-ਸਾਹਮਣੇ ਹੋਣ ਕਾਰਨ ਭਵਿੱਖ ਵਿੱਚ ਇਨ੍ਹਾਂ ਵਿਚਾਲੇ ਕੁੜੱਤਣ ਤੇ ਦੂਰੀ ਵਧਣ ਦੀ ਸੰਭਾਵਨਾ ਹੈ। ਦਿੱਲੀ ਕਮੇਟੀ ਨੇ ਧਰਮ ਜਾਗਰੂਕਤਾ ਲਹਿਰ ਲਈ ਅੱਜ ਇੱਥੇ ਸ਼ਾਸਤਰੀ ਨਗਰ ਵਿੱਚ ਆਪਣੀ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਸਰਾਂ ਵਿੱਚ ਦਫ਼ਤਰ ਖੋਲ੍ਹਿਆ। ਇਸ ਮੁਹਿੰਮ ਲਈ ਸਾਬਕਾ ਫੈਡਰੇਸ਼ਨ ਆਗੂ ਮਨਜੀਤ ਸਿੰਘ ਭੋਮਾ ਨੂੰ ਇੰਚਾਰਜ ਥਾਪਿਆ ਗਿਆ ਹੈ। ਇਸ ਮੌਕੇ ਅਰਦਾਸ ਸਮਾਗਮ ਕੀਤਾ ਗਿਆ ਜਿਸ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਅਕਾਲੀ ਦਲ (ਸੰਯੁਕਤ) ਦੇ ਭਾਈ ਮੋਹਕਮ ਸਿੰਘ ਤੇ ਸਤਨਾਮ ਸਿੰਘ ਮਨਾਵਾਂ ਸਮੇਤ ਦਮਦਮੀ ਟਕਸਾਲ, ਚੀਫ ਖਾਲਸਾ ਦੀਵਾਨ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਖਿਆ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨਾਲ ਕੋਈ ਝਗੜਾ ਨਹੀਂ ਹੈ, ਸ਼੍ਰੋਮਣੀ ਕਮੇਟੀ ਇਸ ਧਰਮ ਪ੍ਰਚਾਰ ਮੁਹਿੰਮ ਵਿੱਚ ਸ਼ਮੂਲੀਅਤ ਕਰ ਸਕਦੀ ਹੈ। ਉਨ੍ਹਾਂ ਦਾ ਮੁੱਖ ਮੰਤਵ ਸਿੱਖੀ ਤੋਂ ਮੂੰਹ ਫੇਰ ਗਏ ਸਿੱਖਾਂ ਨੂੰ ਮੁੜ ਸਿੱਖੀ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਪੰਜਾਬ ਵਿੱਚ ਸਿੱਖੀ ਨੂੰ ਸੰਭਾਲਣ ’ਚ ਅਸਫ਼ਲ ਰਹੀ ਹੈ। ਸ੍ਰੀ ਦਾਦੂਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ’ਤੇ ਇਕ ਧੜੇ ਦਾ ਕਬਜ਼ਾ ਹੋਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਨੂੰ ਮਨਾਉਣ ਲਈ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੀਆਂ ਸਰਾਵਾਂ ’ਤੇ ਜੀਐੱਸਟੀ ਲਾਉਣਾ ਜਜ਼ੀਆ ਟੈਕਸ ਲਾਉਣ ਦੇ ਬਰਾਬਰ ਹੈ। ਦਿੱਲੀ ਕਮੇਟੀ ਵੱਲੋਂ ਪੰਜਾਬ ਵਿੱਚ ਧਰਮ ਪ੍ਰਚਾਰ ਲਹਿਰ ਸ਼ੁਰੂ ਕਰਨ ਬਾਰੇ ਉਨ੍ਹਾਂ ਕਿਹਾ ਕਿ ਜੇ ਅਜਿਹਾ ਸਿਰਫ ਈਰਖਾ ਕਾਰਨ ਕੀਤਾ ਜਾ ਰਿਹਾ ਹੈ ਤਾਂ ਇਹ ਮਾੜਾ ਹੈ ਪਰ ਜੇਕਰ ਉਹ ਅਜਿਹਾ ਸੁਹਿਰਦਤਾ ਨਾਲ ਕਰ ਰਹੇ ਹਨ ਤਾਂ ਫਿਰ ਇਸ ਦੀ ਦਿੱਲੀ ਵਿੱਚ ਵਧੇਰੇ ਲੋੜ ਹੈ।


