ਨਵੀਂ ਦਿੱਲੀ - ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਇਤਿਹਾਸਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਆਸ-ਪਾਸ ਦੀਆਂ ਸਰਾਵਾਂ ਨੂੰ ਸਰਕਾਰ ਵਲੋਂ ਟੈਕਸ ਦਾਇਰੇ 'ਚ ਲਿਆਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਿੱਖ ਸੰਗਤ ਅਤੇ ਸੰਗਤ ਸੇਵਾ ਦਾ ਅਪਮਾਨ ਹੈ | ਰਾਘਵ ਚੱਢਾ ਨੇ ਵੀਰਵਾਰ ਨੂੰ ਇਸ ਸੰਬੰਧ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਰਾਵਾਂ 'ਤੇ ਲਗਾਇਆ ਗਿਆ 12 ਫ਼ੀਸਦੀ ਜੀ. ਐਸ. ਟੀ. ਹਟਾਉਣ ਦੀ ਅਪੀਲ ਕੀਤੀ | ਰਾਘਵ ਚੱਢਾ ਨੇ ਵਿੱਤ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ 'ਤੇ ਟੈਕਸ ਨਹੀਂ ਲਗਾਉਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲਗਾਇਆ ਟੈਕਸ ਮੁਗਲ ਸ਼ਾਸਕ ਔਰੰਗਜ਼ੇਬ ਦੇ ਜ਼ਮਾਨੇ ਦੀ ਯਾਦ ਦੁਆਉਂਦਾ ਹੈ, ਜਦੋਂ ਉਸ ਵੇਲੇ ਜਜ਼ੀਆ ਟੈਕਸ ਲਗਾਇਆ ਜਾਂਦਾ ਸੀ | ਪੇਸ਼ੇ ਤੋਂ ਚਾਰਟਰਡ ਅਕਾਊਟੈਂਟ ਰਾਘਵ ਚੱਢਾ ਨੇ ਕਿਹਾ ਕਿ ਟੈਕਸ ਮੁਨਾਫ਼ੇ ਲਈ ਬਣੀਆਂ ਸੰਸਥਾਵਾਂ 'ਤੇ ਲਗਾਇਆ ਜਾਂਦਾ ਹੈ, ਪਰ ਜੋ ਸੰਸਥਾਵਾਂ ਮੁਨਾਫ਼ੇ ਲਈ ਨਹੀਂ ਹਨ, ਉਨ੍ਹਾਂ 'ਤੇ ਟੈਕਸ ਨਹੀਂ ਲਗਾਇਆ ਜਾਣਾ ਚਾਹੀਦਾ | ਰਾਘਵ ਚੱਢਾ ਨੇ ਵਿੱਤੀ ਦਿੱਕਤਾਂ ਤੋਂ ਲੰਘ ਰਹੇ ਪੰਜਾਬ ਲਈ ਨਿਰਮਲਾ ਸੀਤਾਰਮਨ ਨੂੰ ਵਿੱਤੀ ਪੈਕੇਜ ਦੇਣ ਦੀ ਵੀ ਮੰਗ ਕੀਤੀ, ਉਨ੍ਹਾਂ ਕਿਹਾ ਕਿ ਅਨਾਜ ਦੀ ਕਿੱਲਤ ਦੇ ਦੌਰ 'ਚੋਂ ਲੰਘ ਰਹੇ ਦੇਸ਼ ਨੂੰ ਉਸ ਸਮੇਂ ਬਾਹਰ ਕੱਢਣ ਵਾਲੇ ਸੂਬੇ ਨੂੰ ਹੁਣ ਉਭਾਰ ਲਈ ਸਰਕਾਰ ਦੀ ਮਦਦ ਦੀ ਲੋੜ ਹੈ | ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਭਲਾਈ ਅਤੇ ਘੱਟ ਰਹੇ ਜ਼ਮੀਨੀ ਪਾਣੀ ਦੇ ਸੰਕਟ ਦੇ ਹੱਲ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਵੀ ਮੰਗ ਕੀਤੀ ਹੈ ਅਤੇ ਪੰਜਾਬ ਤੇ ਕਿਸਾਨਾਂ ਨੂੰ ਬਚਾਉਣ ਲਈ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀਬਾੜੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਵਾਧੂ ਜਲ ਸਾਧਨ ਮੁਹੱਈਆ ਕਰਵਾਏ ਜਾਣ |
ਨਵੀਂ ਦਿੱਲੀ-ਕੇਂਦਰੀ ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਧਾਰਮਿਕ ਜਾਂ ਚੈਰੀਟੇਬਲ ਟਰੱਸਟਾਂ ਵਲੋਂ ਚਲਾਈਆਂ ਜਾਂਦੀਆਂ ਸਰਾਵਾਂ ਦੇ ਕਿਰਾਏ 'ਤੇ ਉਨ੍ਹਾਂ ਨੂੰ ਜੀ. ਐਸ. ਟੀ. ਤੋਂ ਛੋਟ ਹੈ | 47ਵੀਂ ਜੀ. ਐਸ. ਟੀ. ਪ੍ਰੀਸ਼ਦ ਦੀ ਬੈਠਕ ਦੀਆਂ ਸਿਫਾਰਸ਼ਾਂ 'ਤੇ 18 ਜੁਲਾਈ 2022 ਨੂੰ ਫੈਸਲਾ ਲਾਗੂ ਹੋਣ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਾਈਆਂ ਜਾ ਰਹੀਆਂ ਸਰਾਵਾਂ ਨੇ ਪ੍ਰਤੀ ਦਿਨ 1000 ਰੁਪਏ ਤੱਕ ਦੇ ਕਿਰਾਏ ਲਈ ਜੀ. ਐਸ. ਟੀ. ਇਕੱਤਰ ਕਰਨਾ ਸ਼ੁਰੂ ਕਰ ਦਿੱਤਾ | ਸਿਫ਼ਾਰਸ਼ ਅਨੁਸਾਰ 1000 ਰੁਪਏ ਪ੍ਰਤੀ ਦਿਨ ਤੱਕ ਦੇ ਕਮਰੇ ਦੇ ਕਿਰਾਏ ਵਾਲੇ ਹੋਟਲ ਦੇ ਕਮਰਿਆਂ ਨੂੰ ਪਹਿਲਾਂ ਛੋਟ ਵਾਲੀ ਸ਼੍ਰੇਣੀ ਤੋਂ 12 ਪ੍ਰਤੀਸ਼ਤ ਦੇ ਜੀ. ਐਸ. ਟੀ. ਦਰ ਸਲੈਬ ਦੇ ਅਧੀਨ ਲਿਆਂਦਾ ਗਿਆ ਸੀ | ਵਿੱਤ ਮੰਤਰਾਲੇ ਦੇ ਅਧੀਨ ਆਉਂਦੇ ਕੇਂਦਰੀ ਅਪ੍ਰਤੱਖ ਕਰ ਬੋਰਡ ਨੇ ਟਵੀਟਾਂ ਦੀ ਲੜੀ 'ਚ ਕਿਹਾ ਕਿ ਹਾਲਾਂਕਿ ਕਿਸੇ ਚੈਰੀਟੇਬਲ ਜਾਂ ਧਾਰਮਿਕ ਟਰੱਸਟ ਵਲੋਂ ਧਾਰਮਿਕ ਸਥਾਨਾਂ 'ਚ ਕਮਰੇ ਦੇ ਕਿਰਾਏ 'ਤੇ ਜੀ. ਐਸ. ਟੀ. ਲਾਗੂ ਨਹੀਂ ਹੁੰਦਾ | ਇਕ ਹੋਰ ਛੋਟ ਵੀ ਹੈ, ਜੋ ਕਿਸੇ ਟੈਰੀਟੇਬਲ ਜਾਂ ਧਾਰਮਿਕ ਟਰੱਸਟ ਵਲੋਂ ਧਾਰਮਿਕ ਸਥਾਨਾਂ ਵਿਚ ਕਮਰੇ ਕਿਰਾਏ 'ਤੇ ਦੇਣ ਤੋਂ ਛੋਟ ਦਿੰਦੀ ਹੈ, ਜਿਥੇ ਕਮਰੇ ਲਈ ਚਾਰਜ ਕੀਤੀ ਗਈ ਰਕਮ ਪ੍ਰਤੀ ਦਿਨ 1000 ਰੁਪਏ ਤੋਂ ਘੱਟ ਹੈ, ਇਸ ਵਿਚ ਕਿਹਾ ਗਿਆ ਹੈ ਕਿ ਇਹ ਛੋਟ ਬਿਨਾਂ ਕਿਸੇ ਬਦਲਾਅ ਦੇ ਲਾਗੂ ਰਹੇਗੀ | ਇਹ ਛੋਟ 28 ਜੂਨ 2017 ਦੇ ਨੋਟੀਫਿਕੇਸ਼ਨ ਅਨੁੁਸਾਰ ਉਪਲਬਧ ਹੈ | ਇਸ ਵਿਚ ਕਿਹਾ ਗਿਆ ਹੈ ਕਿ ਕੇਂਦਰ ਦੁਆਰਾ ਜੀ. ਐਸ. ਟੀ. ਤੋਂ ਪਹਿਲਾਂ ਦੀ ਵਿਵਸਥਾ ਵਿਚ ਵੀ ਇਹ ਵਿਚਾਰ ਲਗਾਤਾਰ ਲਿਆ ਜਾਂਦਾ ਰਿਹਾ ਹੈ, ਇਸ ਵਿਚ ਕਿਹਾ ਗਿਆ ਹੈ ਕਿ ਰਾਜ ਦੇ ਕਰ ਅਧਿਕਾਰੀ ਵੀ ਆਪਣੇ ਅਧਿਕਾਰ ਖੇਤਰ 'ਚ ਇਹੀ ਵਿਚਾਰ ਰੱਖ ਸਕਦੇ ਹਨ | ਇਸ ਵਿਚ ਰਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਅੰਮਿ੍ਤਸਰ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੀਆਂ ਤਿੰਨ ਸਰਾਵਾਂ, ਗੁਰੂ ਗੋਬਿੰਦ ਸਿੰਘ ਐਨ. ਆਰ. ਆਈ. ਨਿਵਾਸ, ਬਾਬਾ ਦੀਪ ਸਿੰਘ ਨਿਵਾਸ, ਮਾਤਾ ਭਾਗ ਕੌਰ ਨਿਵਾਸ, ਨੇ 18 ਜੁਲਾਈ 2022 ਤੋਂ ਜੀ. ਐਸ. ਟੀ. ਦਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੀਆਂ ਇਹ ਸਾਰਵਾਂ ਉਨ੍ਹਾਂ ਵਲੋਂ ਕਮਰੇ ਕਿਰਾਏ 'ਤੇ ਲੈਣ ਦੇ ਸੰਬੰਧ 'ਚ ਉਪਰੋਕਤ ਛੋਟ ਦਾ ਲਾਭ ਲੈ ਸਕਦੀਆਂ ਹਨ |


