ਪੱਟੀ - ਇਥੋਂ ਨੇੜਲੇ ਪਿੰਡ ਠੱਕਰਪੁਰਾ ਸਥਿਤੀ ਗਿਰਜਾਘਰ ਅੰਦਰ ਬੀਤੀ ਰਾਤ ਚਾਰ ਅਣਪਛਾਤਿਆਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਧਾਰਮਿਕ ਮੂਰਤੀਆਂ ਤੋੜ ਦਿੱਤੀਆਂ ਤੇ ਗਿਰਜਾਘਰ ਪ੍ਰਬੰਧਕ ਦੀ ਕਾਰ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦੇ ਵਿਰੋਧ ਵਜੋਂ ਇਸਾਈ ਭਾਈਚਾਰੇ ਵੱਲੋਂ ਇਨਸਾਫ਼ ਲਈ ਗਿਰਜਾਘਰ ਦੇ ਸਾਹਮਣੇ ਪੱਟੀ ਖੇਮਕਰਨ ਸੜਕ ਦੇ ਧਰਨਾ ਲਗਾਇਆ ਗਿਆ ਹੈ। ਬੀਤੀ ਰਾਤ ਘਟਨਾ ਤੋਂ ਤੁਰੰਤ ਬਾਅਦ ਪੁਲੀਸ ਸਬਡਵੀਜ਼ਨ ਪੱਟੀ ਦੇ ਅਧਿਕਾਰੀ ਸਤਨਾਮ ਸਿੰਘ ਸੰਧੂ ਤੇ ਥਾਣਾ ਸਦਰ ਦੇ ਐੱਸਐੱਚਓ ਸੁਖਬੀਰ ਸਿੰਘ ਮੌਕੇ ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ। ਡੀਐਸਪੀ ਪੱਟੀ ਸਤਨਾਮ ਸਿੰਘ ਦੱਸਿਆ ਕਿ ਬੀਤੀ ਅੱਧੀ ਰਾਤ 12.45 ਵਜੇ ਕਰੀਬ ਚਾਰ ਅਣਪਛਾਤਿਆਂ ਨੇ ਗਿਰਜਾਘਰ ਅੰਦਰ ਦਾਖਲ ਹੋ ਕੇ ਚੌਕੀਦਾਰ ਨੂੰ ਬੰਦੀ ਬਣਾ ਕੇ ਮੂਰਤੀਆਂ ਦੀ ਤੋੜ ਦਿੱਤੀਆਂ ਤੇ ਗਿਰਜਾਘਰ ਅੰਦਰ ਖੜੀ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਪੁਲੀਸ ਨੇ ਅਣਪਛਾਤਿਆਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗਿਰਜਾਘਰ ਪਹੁੰਚੇ ਐੱਸਐੱਸਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਤੇ ਗਿਰਜਾਘਰ ਪ੍ਰਬੰਧਕਾਂ ਵਿਚਕਾਰ ਲੰਮਾ ਸਮਾਂ ਗੱਲਬਾਤ ਹੋਈ ਪਰ ਜਦੋਂ ਐੱਸਐੱਸਪੀ ਪਾਸੋਂ ਮੀਡੀਆ ਨੇ ਇਸ ਘਟਨਾ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਿਨਾਂ ਕੁਝ ਦੱਸੇ ਚਲੇ ਗਏ। ਇਸ ਤੋਂ ਇਲਾਵਾ ਗਿਰਜਾਘਰ ਠੱਕਰਪੁਰਾ ਦੇ ਪ੍ਰਬੰਧਕਾਂ ਨਾਲ ਵੀ ਮੀਡੀਆ ਨੇ ਇਸ ਮਾਮਲੇ ’ਤੇ ਕਈ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸਾਈ ਭਾਈਚਾਰੇ ਵੱਲੋਂ ਇਨਸਾਫ਼ ਲਈ ਧਰਨਾ ਜਾਰੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਕਰਪੁਰਾ ਵਿਖੇ ਗਿਰਜਾਘਰ ਵਿੱਚ ਬੇਅਦਬੀ ਅਤੇ ਅੱਗ ਲਾਉਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ,‘ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਨੇ ਡੀਜੀਪੀ ਨੂੰ ਇਸ ਨਾ-ਮੁਆਫੀਯੋਗ ਘਟਨਾ ਦੀ ਤਹਿ ਤੱਕ ਜਾਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਸੂਬੇ ਦੀ ਅਮਨ-ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਦਾ ਹੱਥ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਸਰਕਾਰ ਅਜਿਹੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ ਤਾਂ ਜੋ ਭਵਿੱਖ ਵਿੱਚ ਬਾਕੀਆਂ ਨੂੰ ਸਬਕ ਮਿਲ ਸਕੇ।


