ਬਰਗਾੜੀ - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਦਾਣਾ ਮੰਡੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 115ਵੇਂ ਦਿਨ ਭਾਰੀ ਬਾਰਸ ਦੇ ਬਾਵਜੂਦ ਵੀ ਬਰਗਾੜੀ ਦੀ ਦਾਣਾ ਮੰਡੀ ਵਿੱਚ ਕੁਦਰਤੀ ਕਹਿਰ ਨਾਲ ਦੋ ਚਾਰ ਹੁੰਦੀਆਂ ਸਿੱਖ ਸੰਗਤਾਂ ਦਾ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਖਾਲਸਾ ਪੰਥ ਹੁਣ ਇਨਸਾਫ ਤੋ ਅਵੇਸਲਾ ਨਹੀ ਹੋਵੇਗਾ। ਰਸਤੇ ਵਿੱਚ ਭਿਜਦੀਆਂ ਤੇ ਮੋਰਚੇ ਦੇ ਤਿੱਪ ਤਿੱਪ ਚਿਉਂ ਰਹੇ ਛਾਇਆਮਾਨ ਸੰਗਤ ਦੀ ਲਿਵ ਗੁਰੂ ਨਾਲੋਂ ਤੋੜਨ ਵਿੱਚ ਨਾਕਾਮ ਰਹਿ ਗਏ। ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪਤਨੀ ਅਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਮੁਖੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਬਰਗਾੜੀ ਦੀ ਧਰਤੀ ਤੇ ਲੱਗਿਆ ਇਨਸਾਫ ਮੋਰਚਾ ਸਹੀ ਅਰਥਾਂ ਵਿੱਚ ਧਰਮ ਯੁੱਧ ਮੋਰਚਾ ਹੈ। ਉਹਨਾਂ ਕਿਹਾ ਕਿ ਗੁਰੂ ਦਾ ਸਿੱਖ ਸਭ ਕੁੱਝ ਬਰਦਾਸਤ ਕਰ ਸਕਦਾ ਹੈ, ਪਰ ਗੁਰਬਾਣੀ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕਰ ਸਕਦਾ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸ੍ਰ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੇ ਅਜਿਹਾ ਕਲੰਕ ਹਨ ਜੋ ਪੀੜੀ ਦਰ ਪੀੜੀ ਨਾਲ ਹੀ ਰਹਿਣਗੀਆਂ, ਕਦੇ ਵੀ ਪਿੱਛਾ ਨਹੀ ਛੱਡਣਗੀਆਂ।
ਉਹਨਾਂ ਕਿਹਾ ਕਿ ਮੋਰਚੇ ਦੀ ਗੱਲ ਹੁਣ ਸਾਰੀ ਦੁਨੀਆਂ ਵਿੱਚ ਚੱਲ ਪਈ ਹੈ, ਸਰਕਾਰ ਮੋਰਚੇ ਦੀਆਂ ਮੰਗਾਂ ਮੰਨਦੀ ਹੈ ਜਾ ਨਹੀ ਇਸ ਗੱਲ ਨਾਲ ਕੋਈ ਸਰੋਕਾਰ ਨਹੀ,ਸਿੱਖ ਪੰਥ ਇਨਸਾਫ ਲੈਣਾ ਜਾਣਦਾ ਹੈ, ਪ੍ਰੰਤੂ ਇਹਦੇ ਲਈ ਪੰਥ ਵਿੱਚ ਏਕਾ ਬਹੁਤ ਜਰੂਰੀ ਹੈ।ਉਹਨਾਂ ਕਿਹਾ ਕਿ ਜਿੰਨਾਂ ਚਿਰ ਨਿਰੋਲ ਸਿੱਖਾਂ ਦੀ ਕੋਈ ਰਾਜਨੀਤਕ ਪਾਰਟੀ ਉੱਭਰ ਕੇ ਸਾਹਮਣੇ ਨਹੀ ਆਉਂਦੀ, ਓਨੀ ਦੇਰ ਸਿੱਖ ਪੰਥ ਨੂੰ ਖੱਜਲ ਖੁਆਰੀਆਂ ਦਾ ਸਹਮਣਾ ਕਰਨਾ ਪੈਦਾ ਰਹੇਗਾ। ਉਹਨਾਂ ਬਾਦਲਾਂ ਤੇ ਵਰਦਿਆਂ ਕਿਹਾ ਕਿ ਸਰਕਾਰ ਬਾਦਲਾਂ ਨੂੰ ਗਿਰਫਤਾਰ ਕਰੇ ਜਾ ਨਾ ਕਰੇ ਪਰ ਪੰਥ ਉਹਦੀ ਅਜਿਹੀ ਹਾਲਤ ਜਰੂਰ ਕਰ ਦੇਵੇਗਾ, ਕਿ ਜਿਸ ਤਰਾਂ ਕੇ ਪੀ ਐਸ ਗਿੱਲ ਦੀ ਮੌਤ ਤੇ ਕੋਈ ਭੋਗ ਪਾਉਣ ਵਾਲਾ ਗਰੰਥੀ ਤੇ ਕੀਰਤਨ ਕਰਨ ਵਾਲਾ ਰਾਗੀ ਨਹੀ ਸੀ ਮਿਲਦਾ, ਬਾਦਲ ਦੀ ਮੌਤ ਤੇ ਵੀ ਭੋਗ ਪਾਉਣ ਵਾਲਾ ਕੋਈ ਰਾਗੀ ਜਾਂ ਗ੍ਰੰਥੀ ਨਹੀ ਮਿਲੇਗਾ।
ਉਹਨਾਂ ਕਿਹਾ ਕਿ ਬਾਦਲ ਦੇ ਗਲ਼ ਵਿੱਚ ਰੱਸਾ ਪੈ ਚੁੱਕਾ ਹੈ ਹੁਣ ਖਾਲਸਾ ਪੰਥ ਇਸ ਗੱਲ ਤੋ ਸੁਚੇਤ ਰਹੇ ਕਿ ਉਹਦਾ ਰੱਸਾ ਢਿੱਲਾ ਨਾ ਹੋ ਸਕੇ।ਉਹਨਾਂ ਮੋਰਚੇ ਵਿੱਚ ਹੋਏ ਇਕੱਠ ਦਾ ਜਿਕਰ ਕਰਦਿਆਂ ਕਿਹਾ ਕਿ ਭਾਵੇਂ ਕੱਲ੍ਹ ਦੀ ਲਗਾਤਾਰ ਬਾਰਸ ਹੋਣ ਕਰਕੇ ਸੰਗਤਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਪਰ ਮੈਨੂੰ ਭਾਰੀ ਬਾਰਸ ਦੇ ਵਿੱਚ ਪਹੁੰਚੀਆਂ ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਚੋ ਖਾਲਸੇ ਦੇ ਭਵਿੱਖ ਚ ਭਰਪੂਰ ਚਾਨਣ ਦਿਖਾਈ ਦਿੰਦਾ ਹੈ।ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਪਰਤਾਪ ਸਿੰਘ ਨੇ ਅਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸਰਕਾਰਾਂ ਹਮੇਸਾਂ ਅਪਣੇ ਫਾਇਦੇ ਹੀ ਤੱਕਦੀਆਂ ਹਨ, ਮੋਰਚੇ ਦੀ ਸਫਲਤਾ ਲਈ ਇਹ ਜਰੂਰੀ ਹੈ ਕਿ ਸਿੱੰਘ ਸਾਹਿਬ ਕਿਸੇ ਵੀ ਛਲਾਵੇ ਤੋਂ ਬਚ ਕੇ ਰਹਿਣ।ਸਾਬਕਾ ਫੈਡਰੇਸਨ ਆਗੂ ਭਾਈ ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਕਿ ਸਾਰੀ ਕੌਮ ਇਨਸਾਫ ਮੋਰਚੇ ਤੋ ਅਗਵਾਈ ਭਾਲਦੀ ਹੈ।ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਫੈਡਰੇਸਨ ਆਗੂ ਭਾਈ ਸਰਬਜੀਤ ਸਿੰਘ ਸੋਹਲ ਨੇ ਵੀ ਅਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਜਿੱਥੇ ਕਥਾ ਕੀਰਤਨ ਦੁਆਰਾ ਆਪਣੀ ਹਾਜਰੀ ਭਰੀ ਓਥੇ ਆਈਆਂ ਸਿੱਖ ਸੰਗਤਾਂ ਦਾ ਧੰਨਵਾਦ ਵੀ ਕੀਤਾ।


