ਚੰਡੀਗੜ੍ਹ - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਦੌਰਾਨ ਪਾਰਟੀ ਨੂੰ ਮਿਲੀ ਵੱਡੀ ਨਮੋਸ਼ੀਜਨਕ ਹਾਰ ਤੋਂ ਬਾਅਦ ਪਾਰਟੀ 'ਚੋਂ ਉੱਠ ਰਹੀ ਰੋਸ ਦੀ ਲਹਿਰ ਅਤੇ ਬਗ਼ਾਵਤ ਨੂੰ ਮੁੱਖ ਰੱਖਦਿਆਂ ਸ. ਇਕਬਾਲ ਸਿੰਘ ਝੂੰਦਾਂ ਸਮੀਖਿਆ ਕਮੇਟੀ ਦੀਆਂ ਕੁਝ ਮੁੱਖ ਸਿਫ਼ਾਰਸ਼ਾਂ ਨੂੰ ਛੱਡ ਬਾਕੀ ਕੁਝ ਹੋਰ ਸਿਫ਼ਾਰਸ਼ਾਂ 'ਤੇ ਅਮਲ ਕਰਨ ਦਾ ਐਲਾਨ ਕੀਤਾ ਗਿਆ | ਸ. ਸੁਖਬੀਰ ਸਿੰਘ ਬਾਦਲ ਵਲੋਂ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤੇ ਗਏ ਐਲਾਨ ਅਨੁਸਾਰ ਹੁਣ ਪਾਰਟੀ ਵਲੋਂ ਇਕ ਪਰਿਵਾਰ ਵਿਚ ਇਕ ਟਿਕਟ ਹੀ ਦਿੱਤੀ ਜਾ ਸਕੇਗੀ | ਪਤਿਤ ਸਿੱਖ ਅਕਾਲੀ ਦਲ ਵਿਚ ਅਹੁਦੇਦਾਰ ਨਹੀਂ ਬਣ ਸਕੇਗਾ ਅਤੇ ਅਕਾਲੀ ਦਲ ਦੇ ਪ੍ਰਧਾਨ ਦਾ ਕਾਰਜਕਾਲ 10 ਸਾਲ ਦਾ ਹੋ ਸਕੇਗਾ, ਜਿਸ ਵਿਚ 5-5 ਸਾਲ ਦੀਆਂ ਦੋ ਟਰਮਾਂ ਹੋਣਗੀਆਂ ਅਤੇ ਇਸ ਤੋਂ ਬਾਅਦ ਇਕ ਟਰਮ ਦੀ ਬਰੇਕ ਜ਼ਰੂਰੀ ਹੋਵੇਗੀ ਪਰ ਉਕਤ ਨਿਯਮ ਅੱਜ ਤੋਂ ਲਾਗੂ ਹੋਣਗੇ, ਜਿਸ ਤੋਂ ਸਪੱਸ਼ਟ ਹੈ ਕਿ ਮੌਜੂਦਾ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪਾਰਟੀ ਦੇ ਨਿਯਮਾਂ ਅਨੁਸਾਰ 10 ਸਾਲ ਹੋਰ ਪ੍ਰਧਾਨ ਰਹਿ ਸਕਣਗੇ ਪਰ ਝੂੰਦਾਂ ਕਮੇਟੀ ਵਲੋਂ ਜੋ ਇਹ ਸਿਫ਼ਾਰਸ਼ ਕੀਤੀ ਗਈ ਸੀ ਕਿ ਸ਼ੋ੍ਰਮਣੀ ਕਮੇਟੀ ਦੇ ਮੈਂਬਰਾਂ ਨੂੰ ਅਕਾਲੀ ਦਲ ਵਿਚ ਅਹੁਦੇਦਾਰੀਆਂ ਅਤੇ ਪਾਰਟੀ ਟਿਕਟਾਂ ਨਾ ਦਿੱਤੀਆਂ ਜਾਣ, ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਇਸੇ ਤਰ੍ਹਾਂ ਝੂੰਦਾਂ ਕਮੇਟੀ ਸਿਰਸਾ ਡੇਰੇ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਗਾਉਣ ਅਤੇ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਲਈ ਰਿਪੋਰਟ ਵਿਚ ਸ. ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਮੁਆਫ਼ੀ ਮੰਗਣ ਲਈ ਜੋ ਹਦਾਇਤ ਕੀਤੀ ਸੀ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਤਬਦੀਲ ਕਰਨ ਦੀ ਜੋ ਗੱਲ ਕਹੀ ਸੀ, ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਪਾਰਟੀ ਵਲੋਂ ਝੂੰਦਾਂ ਕਮੇਟੀ ਰਿਪੋਰਟ ਨੂੰ ਜਨਤਕ ਕਰਨ ਦਾ ਮਾਮਲਾ ਵੀ ਖੂਹ-ਖਾਤੇ ਪਾ ਦਿੱਤਾ ਗਿਆ ਕਿਉਂਕਿ ਪਾਰਟੀ ਦੀ 13 ਮੈਂਬਰੀ ਕਮੇਟੀ ਵਲੋਂ ਕੀਤੀਆਂ ਸਿਫ਼ਾਰਸ਼ਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਨਤਕ ਨਹੀਂ ਹੋਣ ਦੇਣਾ ਚਾਹੁੰਦੇ | ਪਤਾ ਲੱਗਾ ਹੈ ਕਿ ਪਾਰਟੀ ਵਿਚਲੇ ਕੁਝ ਆਗੂਆਂ, ਜਿਨ੍ਹਾਂ ਵਲੋਂ ਝੂੰਦਾਂ ਕਮੇਟੀ ਦੀਆਂ ਸਾਰੀਆਂ ਸਿਫ਼ਾਰਸ਼ਾਂ ਲਾਗੂ ਕਰਨ ਅਤੇ ਸ. ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗਣ ਵਰਗੀਆਂ ਮੰਗਾਂ ਉਠਾਈਆਂ ਸਨ, ਵਲੋਂ ਆਉਂਦੇ ਇਕ ਦੋ ਦਿਨਾਂ ਵਿਚ ਮੀਟਿੰਗ ਕਰਕੇ ਦਲ ਦੇ ਪ੍ਰਧਾਨ ਦੇ ਉਕਤ ਫੈਸਲੇ ਸੰਬੰਧੀ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਜਾਵੇਗੀ ਪਰ ਅਕਾਲੀ ਦਲ ਪ੍ਰਧਾਨ ਵਲੋਂ ਅੱਜ ਦੇ ਐਲਾਨਾਂ ਨਾਲ ਪਾਰਟੀ ਵਿਚਲੀ ਬੇਚੈਨੀ ਤੇ ਨਾਖੁਸ਼ੀ ਨੂੰ ਦਬਾਉਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ ਉਸ ਵਿਚ ਕਿਸ ਹੱਦ ਤੱਕ ਸਫ਼ਲਤਾ ਮਿਲੇਗੀ, ਇਹ ਆਉਂਦੇ ਕੁਝ ਦਿਨਾਂ ਦੌਰਾਨ ਸਪਸ਼ਟ ਹੋ ਸਕੇਗਾ | ਦਿਲਚਸਪ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਪੱਤਰਕਾਰ ਸੰਮੇਲਨ ਦੌਰਾਨ ਜੋ ਐਲਾਨ ਕੀਤੇ ਗਏ ਉਸ ਸਮੇਂ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਨਹੀਂ ਸਨ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਹਰਚਰਨ ਬੈਂਸ ਅਤੇ ਗੁਰਿੰਦਰ ਸਿੰਘ ਗੋਗੀ ਹਾਜ਼ਰ ਸਨ | ਸੁਖਬੀਰ ਸਿੰਘ ਬਾਦਲ ਵਲੋਂ ਜੋ ਹੋਰ ਐਲਾਨ ਕੀਤੇ ਗਏ ਉਨ੍ਹਾਂ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ 50 ਫ਼ੀਸਦੀ ਸੀਟਾਂ ਉਨ੍ਹਾਂ ਪਾਰਟੀ ਵਰਕਰਾਂ ਲਈ ਰਾਖਵੀਂਆਂ ਹੋਣਗੀਆਂ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ ਤੇ ਇਸ ਤਰੀਕੇ ਨਵੀਂ ਪੀੜ੍ਹੀ ਦੇ ਆਗੂ ਤਿਆਰ ਕੀਤੇ ਜਾਣਗੇ | ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਤਬਦੀਲੀਆਂ ਪਾਰਟੀ ਦੀ ਫ਼ੈਸਲਾ ਲੈਣ ਵਾਲੀ ਸਰਬਉੱਚ ਕਮੇਟੀ ਭਾਵ ਕੋਰ ਕਮੇਟੀ ਵਿਚ ਵੀ ਲਾਗੂ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਜਾਵੇਗਾ ਅਤੇ ਇਸ ਵਿਚ ਨੌਜਵਾਨਾਂ, ਔਰਤਾਂ ਤੇ ਸਮਾਜ ਦੇ ਹੋਰ ਵਰਗਾਂ ਦੇ ਨਵੀਂ ਪੀੜ੍ਹੀ ਦੇ ਪ੍ਰਤੀਨਿਧਾਂ ਨੂੰ ਸ਼ਾਮਿਲ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਜਥੇਬੰਦਕ ਢਾਂਚੇ ਲਈ ਚੋਣਾਂ 30 ਨਵੰਬਰ ਤੱਕ ਕੇਂਦਰੀ ਚੋਣ ਕਮੇਟੀ ਦੀ ਨਿਗਰਾਨੀ ਹੇਠ ਮੁਕੰਮਲ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਹਲਕਿਆਂ ਵਿਚ 117 ਚੋਣ ਅਬਜ਼ਰਵਰ ਨਿਯੁਕਤ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸਾਡਾ ਧਿਆਨ ਬੂਥ ਕਮੇਟੀਆਂ 'ਤੇ ਰਹੇਗਾ ਜੋ ਬੂਥ ਪ੍ਰਧਾਨ ਦੀ ਚੋਣ ਕਰਨਗੀਆਂ | ਬੂਥ ਪ੍ਰਧਾਨ ਅੱਗੇ ਸਰਕਲ ਪ੍ਰਧਾਨਾਂ ਦੀ ਚੋਣ ਕਰਨਗੇ ਤੇ ਸਰਕਲ ਪ੍ਰਧਾਨ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕਰਨਗੇ, ਯੂਥ ਅਕਾਲੀ ਦਲ ਅਤੇ ਵਿਦਿਆਰਥੀ ਵਿੰਗ ਐਸ.ਓ.ਆਈ ਦਾ ਪੁਨਰਗਠਨ ਕੀਤਾ ਜਾਵੇਗਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਵੀ ਸੁਰਜੀਤ ਕੀਤਾ ਜਾਵੇਗਾ, ਯੂਥ ਅਕਾਲੀ ਦਲ ਦੇ ਮੈਂਬਰਾਂ ਲਈ ਉਮਰ ਹੱਦ 35 ਸਾਲ ਹੋਵੇਗੀ ਤੇ ਪ੍ਰਧਾਨ ਲਈ 5 ਸਾਲ ਦੀ ਛੋਟ ਹੋਵੇਗੀ, ਇਸੇ ਤਰੀਕੇ ਐਸ.ਓ.ਆਈ. ਤੇ ਫੈਡਰੇਸ਼ਨ ਮੈਂਬਰਾਂ ਲਈ ਉਮਰ ਹੱਦ 30 ਸਾਲ ਹੋਵੇਗੀ ਤੇ ਸਿਰਫ਼ ਵਿਦਿਆਰਥੀ ਹੀ ਇਨ੍ਹਾਂ ਸੰਗਠਨਾਂ ਵਿਚ ਭਰਤੀ ਕੀਤੇ ਜਾਣਗੇ | ਉਨ੍ਹਾਂ ਇਹ ਵੀ ਕਿਹਾ ਕਿ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਪਾਰਟੀ ਵਿਚ ਹਰ ਪੱਧਰ 'ਤੇ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ | ਉਨ੍ਹਾਂ ਬੁੱਧੀਜੀਵੀਆਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਸਿਆਣੇ ਲੋਕਾਂ ਦੀ ਸ਼ਮੂਲੀਅਤ ਵਾਲੇ ਇਕ ਸਲਾਹਕਾਰੀ ਬੋਰਡ ਦੇ ਗਠਨ ਦਾ ਵੀ ਐਲਾਨ ਕੀਤਾ ਜੋ ਪਾਰਟੀ ਪ੍ਰਧਾਨ ਨੂੰ ਅਹਿਮ ਮਾਮਲਿਆਂ 'ਤੇ ਸਲਾਹ ਮਸ਼ਵਰਾ ਦੇਵੇਗਾ, ਨਵੀਆਂ ਤਬਦੀਲੀਆਂ ਵਿਚ ਸੰਸਦੀ ਬੋਰਡ ਦਾ ਗਠਨ ਵੀ ਸ਼ਾਮਿਲ ਹੈ ਜੋ ਹੁਨਰਮੰਦ ਵਿਅਕਤੀਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਅਤੇ ਵਿਧਾਨ ਸਭਾ ਚੋਣਾਂ ਲਈ ਸਰਬੋਤਮ ਉਮੀਦਵਾਰਾਂ ਦੀ ਚੋਣ ਲਈ ਤੌਰ ਤਰੀਕੇ ਸੁਝਾਵੇਗਾ | ਉਨ੍ਹਾਂ ਕਿਹਾ ਕਿ ਸ. ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਾਲਾ ਅਨੁਸ਼ਾਸਨੀ ਬੋਰਡ ਪਹਿਲਾਂ ਹੀ ਗਠਿਤ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਤਭੇਦਾਂ ਦੀ ਗੱਲ ਪਾਰਟੀ ਪੱਧਰ 'ਤੇ ਰੱਖਣ ਅਤੇ ਮੀਡੀਆ ਵਿਚ ਨਾ ਜਾਣ |


