ਲੰਡਨ - ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵਲੋਂ ਅੱਜ ਆਪਣੀ ਪਾਰਟੀ ਨੇਤਾ ਤੇ ਬਰਤਾਨੀਆ ਦੀ ਅਗਲੀ ਪ੍ਰਧਾਨ ਮੰਤਰੀ ਵਜੋਂ ਲਿਜ਼ ਟਰੱਸ ਨੂੰ ਚੁਣਿਆ ਹੈ। ਰਿਸ਼ੀ ਸੁਨਾਕ ਨੂੰ 42.6 ਫ਼ੀਸਦੀ ਭਾਵ 60,399 ਵੋਟਾਂ ਮਿਲੀਆਂ ਅਤੇ ਲਿਜ਼ ਨੂੰ 57.4 ਫ਼ੀਸਦੀ ਭਾਵ 81,326 ਵੋਟਾਂ ਪਈਆਂ। ਲਿਜ਼ ਟਰੱਸ ਨੇ ਆਪਣੇ ਵਿਰੋਧੀ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਾਕ ਨੂੰ 20927 ਵੋਟਾਂ ਦੇ ਫਰਕ ਨਾਲ ਹਰਾਇਆ। ਇਕ ਲੱਖ 70 ਹਜ਼ਾਰ ਦੇ ਕਰੀਬ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਲਿਜ਼ ਟਰੱਸ ਨੂੰ 81,326 ਵੋਟਾਂ ਤੇ ਰਿਸ਼ੀ ਸੁਨਾਕ ਨੂੰ 60,399 ਵੋਟਾਂ ਪਾਈਆਂ। ਕੁੱਲ੍ਹ 82.6 ਫ਼ੀਸਦੀ ਵੋਟਾਂ ਪਈਆਂ ਤੇ 654 ਵੋਟਾਂ ਰੱਦ ਹੋਈਆਂ। 12:27 ਮਿੰਟ 'ਤੇ ਪਾਰਟੀ ਵਲੋਂ ਲਿਜ਼ ਟਰੱਸ ਨੂੰ ਨਿੱਜੀ ਤੌਰ 'ਤੇ ਜਿੱਤਣ ਦਾ ਅਤੇ ਰਿਸ਼ੀ ਸੁਨਾਕ ਨੂੰ ਹਾਰ ਜਾਣ ਦਾ ਫ਼ੈਸਲਾ ਸੁਣਾਇਆ ਗਿਆ ਤੇ 10 ਮਿੰਟ ਬਾਅਦ 12:37 ਮਿੰਟ 'ਤੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਐਂਡਰਿਊ ਸਟਿਫਨਸ ਦੇ ਭਾਸ਼ਨ ਤੋਂ ਬਾਅਦ, ਕੰਜ਼ਰਵੇਟਿਵ ਪਾਰਟੀ ਦੀ 1922 ਕਮੇਟੀ ਦੇ ਚੇਅਰਮੈਨ ਗਰਹੈਮ ਬਰੈਡੀ ਵਲੋਂ ਜਨਤਕ ਤੌਰ 'ਤੇ ਬਰਤਾਨੀਆ ਦੀ ਅਗਲੀ ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਨਾਂਅ ਦਾ ਐਲਾਨ ਕੀਤਾ ਗਿਆ। ਅਧਿਕਾਰਤ ਤੌਰ 'ਤੇ ਲਿਜ਼ ਟਰੱਸ ਮੰਗਲਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ ਨਾਲ ਮੀਟਿੰਗ ਕਰਕੇ ਆਪਣਾ ਨਿਯੁਕਤੀ ਪੱਤਰ ਪੇਸ਼ ਕਰੇਗੀ, ਇਹ ਪਹਿਲੀ ਵਾਰ ਹੈ ਜਦੋਂ ਬਰਤਾਨੀਆ ਦੀ ਮਹਾਰਾਣੀ ਬਕਿੰਘਮ ਪੈਲੇਸ ਤੋਂ ਬਾਹਰ ਸਕਾਟਲੈਂਡ ਦੇ ਬਾਲਮੋਰਲ ਤੋਂ ਬਰਤਾਨਵੀ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਮੋਹਰ ਲਗਾਏਗੀ। ਬਾਅਦ ਦੁਪਹਿਰ 4 ਵਜੇ 10 ਡਾਊਨਿੰਗ ਸਟਰੀਟ ਤੋਂ ਦੇਸ਼ ਵਾਸੀਆਂ ਨੂੰ ਪਹਿਲੀ ਵਾਰ ਸੰਬੋਧਨ ਕਰਨ ਤੋਂ ਬਾਅਦ ਨਵਾਂ ਮੰਤਰੀ ਮੰਡਲ ਬਣੇਗਾ ਤੇ ਬੁੱਧਵਾਰ ਸਵੇਰੇ ਪਹਿਲੀ ਕੈਬਨਿਟ ਮੀਟਿੰਗ 'ਚ ਅਹਿਮ ਫ਼ੈਸਲੇ ਲਏ ਜਾਣ ਦੀਆਂ ਸੰਭਾਵਨਾਵਾਂ ਹਨ। ਜਿੱਤ ਉਪਰੰਤ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਵੋਟਰਾਂ ਦਾ ਅਤੇ ਚੋਣ ਮੁਹਿੰਮ ਵਿਚ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਸਮੇਤ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਰਿਸ਼ੀ ਸੁਨਾਕ ਨੇ ਲਿਜ਼ ਟਰੱਸ ਨੂੰ ਮੁਬਾਰਕਬਾਦ ਪੇਸ਼ ਕੀਤੀ।ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇਸ ਦੌੜ 'ਚ ਅੰਤ ਤੱਕ ਸਿਰਫ਼ ਦੋ ਚਿਹਰੇ ਬਚੇ ਸਨ, ਜਿਨ੍ਹਾਂ ਵਿਚ ਬਰਤਾਨੀਆ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਾਕ ਅਤੇ ਮੌਜੂਦਾ ਵਿਦੇਸ਼ ਮੰਤਰੀ ਲਿਜ਼ ਟਰੱਸ ਸਨ। ਅੱਜ ਕੰਜ਼ਰਵੇਟਿਵ ਪਾਰਟੀ ਦੀ ਚੋਣ ਕਮੇਟੀ ਦੇ ਆਗੂਆ ਨੇ ਦੋਵਾਂ ਕੰਜ਼ਰਵੇਟਿਵ ਪਾਰਟੀ ਵਰਕਰਾਂ 'ਚੋਂ ਲਿਸ ਟਰੱਸ ਨੂੰ ਆਪਣੀ ਪਹਿਲੀ ਪਸੰਦ ਦੱਸਿਆ। ਲਿਜ ਟਰੱਸ 6 ਸਾਲਾਂ 'ਚ ਇਸ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਡੇਵਿਡ ਕੈਮਰੂਨ, ਥੈਰੇਸਾ ਮੇਅ, ਬੌਰਿਸ ਜੌਹਨਸਨ 2016 ਤੋਂ 2022 ਤੱਕ ਵੱਖ-ਵੱਖ ਅੰਤਰਾਲਾਂ 'ਚ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿ ਚੁੱਕੇ ਹਨ। ਬਰਤਾਨੀਆ ਦੀ ਪ੍ਰਧਾਨ ਮੰਤਰੀ ਚੁਣੀ ਗਈ ਲਿਜ਼ ਟਰੱਸ ਦੀ ਜ਼ਿੰਦਗੀ ਵੀ ਕਾਫੀ ਦਿਲਚਸਪ ਹੈ। ਟਰੱਸ ਬਰਤਾਨੀਆ ਦੇ ਵਿਦੇਸ਼ ਮੰਤਰੀਵਜੋਂ ਸੇਵਾਵਾਂ ਨਿਭਾਅ ਰਹੇ ਸਨ। ਸਰਕਾਰੀ ਸਕੂਲ 'ਚ ਪੜ੍ਹੀ 47 ਸਾਲਾ ਟਰੱਸ ਦੇ ਪਿਤਾ ਇਕ ਗਣਿਤ ਦੇ ਪ੍ਰੋਫੈਸਰ ਅਤੇ ਮਾਂ ਇਕ ਨਰਸ ਸਨ। ਇਕ ਮਜ਼ਦੂਰ ਪੱਖੀ ਪਰਿਵਾਰ ਤੋਂ ਆਉਣ ਵਾਲੀ ਟਰੱਸ ਨੇ ਆਕਸਫੋਰਡ ਤੋਂ ਦਰਸ਼ਨ, ਰਾਜਨੀਤੀ ਤੇ ਅਰਥ ਸ਼ਾਸਤਰ ਦਾ ਅਧਿਐਨ ਕੀਤਾ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਸਮਾਂ ਲੇਖਾਕਾਰ ਵਜੋਂ ਵੀ ਕੰਮ ਕੀਤਾ। ਇਸ ਤੋਂ ਬਾਅਦ ਉਹ ਰਾਜਨੀਤੀ ਵਿਚ ਆ ਗਈ। ਉਸ ਨੇ ਕੌਂਸਲਰ ਵਜੋਂ ਪਹਿਲੀ ਚੋਣ ਜਿੱਤੀ। ਪਰਿਵਾਰ ਲੇਬਰ ਪਾਰਟੀ ਦਾ ਸਮਰਥਕ ਸੀ ਪਰ ਟਰੱਸ ਨੂੰ ਕੰਜ਼ਰਵੇਟਿਵ ਪਾਰਟੀ ਦੀ ਵਿਚਾਰਧਾਰਾ ਪਸੰਦ ਸੀ। ਟਰੱਸ ਨੂੰ ਸੱਜੇ ਵਿੰਗ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ। ਟਰੱਸ ਪਹਿਲੀ ਵਾਰ 2010 'ਚ ਸੰਸਦ ਮੈਂਬਰ ਚੁਣੀ ਗਈ। ਟਰੱਸ ਸ਼ੁਰੂ 'ਚ ਯੂਰਪੀਅਨ ਯੂਨੀਅਨ ਛੱਡਣ ਦੇ ਮੁੱਦੇ ਦੇ ਖ਼ਿਲਾਫ਼ ਸੀ। ਹਾਲਾਂਕਿ, ਬਾਅਦ 'ਚ ਬੌਰਿਸ ਜੌਹਨਸਨ ਦੇ ਸਮਰਥਨ 'ਚ ਸਾਹਮਣੇ ਆਇਆ, ਜੋ ਬ੍ਰੈਗਜ਼ਿਟ ਦੇ ਨਾਇਕ ਵਜੋਂ ਉਭਰਿਆ। ਬ੍ਰਿਟਿਸ਼ ਮੀਡੀਆ ਅਕਸਰ ਉਨ੍ਹਾਂ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨਾਲ ਕਰਦਾ ਹੈ।


