ਅੰਮਿ੍ਤਸਰ - ਅਫ਼ਗਾਨਿਸਤਾਨ ਦੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖ਼ੁਰਾਸਾਨ ਪ੍ਰਾਂਤ (ਆਈ. ਐਸ. ਕੇ. ਪੀ.) ਦੁਆਰਾ 18 ਜੂਨ ਨੂੰ ਕੀਤੇ ਗਏ ਹਮਲੇ ਦੌਰਾਨ ਬੁਰੀ ਤਰ੍ਹਾਂ ਨੁਕਸਾਨੇ ਗਏ ਕਾਬੁਲ ਵਿਚਲੇ ਮਰਕਜ਼ੀ ਗੁਰਦੁਆਰਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਦਾ ਕੰਮ ਤਾਲਿਬਾਨ ਵਲੋਂ ਮੁਕੰਮਲ ਕਰਵਾ ਲਿਆ ਗਿਆ ਹੈ | ਇਸ ਦੇ ਲਈ ਫ਼ੰਡ ਅਤੇ ਇੰਜੀਨੀਅਰ ਇਸਲਾਮਿਕ ਅਮੀਰਾਤ ਆਫ਼ ਤਾਲਿਬਾਨ ਸਰਕਾਰ ਵਲੋਂ ਦਿੱਤੇ ਗਏ | ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਆਗੂਆਂ ਦੀ ਗੁਰਦੁਆਰਾ ਸਾਹਿਬ ਦੇ ਮੁੜ ਵਸੇਬੇ 'ਤੇ 40 ਲੱਖ ਰੁਪਏ (ਅਫ਼ਗ਼ਾਨਿਸਤਾਨੀ ਕਰੰਸੀ) ਦੀ ਲਾਗਤ ਆਈ ਹੈ | ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਸ਼ੁਰੂਆਤੀ ਰੱਖ-ਰਖਾਅ ਲਈ ਤਾਲਿਬਾਨ ਸਰਕਾਰ ਨੇ 1.50 ਲੱਖ ਰੁਪਏ ਅਫ਼ਗਾਨੀ ਵਿੱਤੀ ਸਹਾਇਤਾ ਦਿੱਤੀ ਸੀ | ਗੁਰਦੁਆਰਾ ਸਾਹਿਬ ਦੀ ਉਸਾਰੀ, ਸਾਫ਼-ਸਫ਼ਾਈ ਅਤੇ ਹੋਰ ਕੰਮ ਅਫ਼ਗਾਨ ਹਿੰਦੂ-ਸਿੱਖ ਭਾਈਚਾਰੇ ਦੀ ਨਿਗਰਾਨੀ 'ਚ ਕਰਵਾਏ ਗਏ ਹਨ | ਨਵਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਦੇ ਚੱਲਦਿਆਂ ਗੁਰਦੁਆਰਾ ਸਾਹਿਬ 'ਚ ਪੇਂਟ, ਫ਼ਰਸ਼ 'ਤੇ ਸੰਗਮਰਮਰ ਅਤੇ ਕੰਧਾਂ 'ਤੇ ਟਾਈਲਾਂ, ਪ੍ਰਕਾਸ਼ ਅਸਥਾਨ ਦੇ ਨਵੇਂ ਦਰਵਾਜ਼ੇ ਅਤੇ ਹੋਰ ਫ਼ਰਨੀਚਰ ਬਣਾਇਆ ਗਿਆ ਹੈ |


