ਬਠਿੰਡਾ - ਪੰਜਾਬ 'ਚ ਨਿਕਲਣ ਵਾਲੀਆਂ ਨਵੀਆਂ ਸਰਕਾਰੀ ਨੌਕਰੀਆਂ 'ਤੇ ਮੁੜ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਉਮੀਦਵਾਰ ਕਾਬਜ਼ ਹੋ ਰਹੇ ਹਨ ਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅੱਖੋਂ-ਪਰੋਖੇ ਕਰਕੇ ਉਨ੍ਹਾਂ ਦਾ ਹੱਕ ਮਾਰਿਆ ਜਾ ਰਿਹਾ | ਅੱਜ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵਲੋਂ ਨਿਯੁਕਤ ਕੀਤੇ ਗਏ ਵੈਟਰਨਰੀ ਇੰਸਪੈਕਟਰਾਂ ਵਿਚ ਵੀ ਪੰਜਾਬ ਤੋਂ ਬਾਹਰੀ ਸੂਬੇ ਹਰਿਆਣਾ ਅਤੇ ਰਾਜਸਥਾਨ ਦੇ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ, ਜਿਨ੍ਹਾਂ ਦੀ ਉਕਤ ਨਿਯੁਕਤੀਆਂ 'ਚ ਹਿਸੇਦਾਰੀ ਲਗਭਗ 53 ਫ਼ੀਸਦੀ ਬਣਦੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਸੂਬੇ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਪੰਜਾਬ ਦੇ ਪਸ਼ੂ ਧਨ ਨੂੰ ਹੋਰ ਪ੍ਰਫੁੱਲਤ ਕਰਨ ਲਈ ਪਸ਼ੂ ਪਾਲਣ ਵਿਭਾਗ ਵਿਚ ਵੈਟਰਨਰੀ ਇੰਸਪੈਕਟਰਾਂ ਦੀਆਂ 418 ਅਸਾਮੀਆਂ ਦੀ ਭਰਤੀ ਕਰਨ ਨੂੰ ਹਰੀ ਝੰਡੀ ਦਿੱਤੀ ਗਈ ਸੀ | ਵੈਟਰਨਰੀ ਇੰਸਪੈਕਟਰ ਦਾ ਇਮਤਿਹਾਨ ਪਾਸ ਕਰਨ ਵਾਲੇ ਪਹਿਲੇ ਗੇਡ ਦੇ 29 ਉਮੀਦਵਾਰਾਂ ਨੂੰ ਪਸ਼ੂ ਪਾਲਣ ਮੰਤਰੀ ਵਲੋਂ ਬੀਤੀ 25 ਅਗਸਤ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ ਜਦਕਿ ਦੂਸਰੇ ਗੇੜ ਦੇ ਇਮਤਿਹਾਨ ਪਾਸ ਕਰਨ ਵਾਲੇ 68 ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ ਪਰ ਤ੍ਰਾਸਦੀ ਇਹ ਹੈ ਕਿ ਇਹ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਵਿਚ 36 ਉਮੀਦਵਾਰ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਹਨ, ਜਿਨ੍ਹਾਂ ਵਿਚ ਹਰਿਆਣਾ ਦੇ 24 ਅਤੇ ਰਾਜਸਥਾਨ ਦੇ 12 ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ਦੀ ਉਕਤ ਨੌਕਰੀਆਂ ਵਿਚ ਲਗਭਗ 53 ਫ਼ੀਸਦੀ ਹਿਸੇਦਾਰੀ ਬਣਦੀ ਹੈ, ਜਦਕਿ ਇਸ ਤੋਂ ਪਹਿਲਾਂ ਨਿਯੁਕਤ ਕੀਤੇ ਜਾਣ ਵਾਲਿਆਂ ਦੀ ਗਿਣਤੀ ਵੱਖਰੀ ਹੈ | ਇੱਥੇ ਹੀ ਬੱਸ ਨਹੀਂ ਉਕਤ ਉਮੀਦਵਾਰਾਂ ਸੰਬੰਧੀ ਜਾਰੀ ਕੀਤੀ ਗਈ ਸੂਚੀ ਵਿਚ ਵੀ ਸਭ ਤੋਂ ਪਹਿਲਾਂ ਹਰਿਆਣਾ ਤੇ ਰਾਜਸਥਾਨ ਦੇ ਉਮੀਦਵਾਰਾਂ ਦਾ ਨਾਮ ਗੂੰਜਦਾ ਹੈ ਜਦਕਿ ਪੰਜਾਬ ਦੇ ਉਮੀਦਵਾਰ ਦਾ ਨਾਂਅ 12ਵੇਂ ਨੰਬਰ 'ਤੇ ਬੋਲਦਾ ਹੈ |


