ਲੰਡਨ - ਮਹਾਰਾਣੀ ਐਲਿਜ਼ਾਬੈੱਥ-2 ਦਾ ਤਾਬੂਤ ਅੰਤਮ ਦਰਸ਼ਨਾਂ ਲਈ ਬਕਿੰਘਮ ਪੈਲਿਸ ਤੋਂ ਚੱਲ ਕੇ ਵੱਖ-ਵੱਖ ਮਹੱਤਵਪੂਰਨ ਥਾਵਾਂ ਤੋਂ ਹੁੰਦਾ ਹੋਇਆ ਬਰਤਾਨਵੀ ਸੰਸਦ ਦੇ ਵੈਸਟਮਿੰਸਟਰ ਹਾਲ ਪਹੁੰਚਿਆ | ਇਸ ਮੌਕੇ ਮਹਾਰਾਜਾ ਚਾਰਲਸ ਦੇ ਨਾਲ ਉਨ੍ਹਾਂ ਦੇ ਦੋਵੇਂ ਬੇਟੇ ਪਿ੍ੰਸ ਵਿਲੀਅਮ ਅਤੇ ਪਿ੍ੰਸ ਹੈਰੀ ਤੋਂ ਇਲਾਵਾ ਰਾਜਕੁਮਾਰੀ ਐਨੀ, ਪਿ੍ੰਸ ਐਂਡਰਿਊ, ਪਿ੍ੰਸ ਐਡਵਰਡ, ਐਨੀ ਦੇ ਪਤੀ ਸਰ ਟਿਮ ਲਾਊਰੈਂਸ, ਬੇਟਾ ਪੀਟਰ ਫਿਲਪਸ ਸਮੇਤ ਕਈ ਅਧਿਕਾਰੀ ਮਹਾਰਾਣੀ ਦੇ ਤਾਬੂਤ ਪਿੱਛੇ-ਪਿੱਛੇ ਪੈਦਲ ਯਾਤਰਾ ਕਰ ਰਹੇ ਸਨ | ਰਾਣੀ ਕੈਮਿਲਾ, ਪਿ੍ੰਸਸ ਆਫ ਵੇਲਜ਼ ਕੇਟ ਮਿਡਲਟਨ, ਡਚਸ ਆਫ ਸੁਸੈਕਸ ਅਤੇ ਹੋਰ ਪਰਿਵਾਰਕ ਮੈਂਬਰ ਕਾਰ ਰਾਹੀਂ ਵੈਸਟਮਿੰਸਟਰ ਹਾਲ ਪਹੁੰਚੇ | ਮਹਾਰਾਣੀ ਦੇ ਤਾਬੂਤ ਤੇ ਮਹਾਰਾਣੀ ਦਾ ਬਹੁਮੁੱਲਾ ਸ਼ਾਹੀ ਤਾਜ ਰੱਖਿਆ ਹੋਇਆ ਸੀ | ਇਸ ਮੌਕੇ ਮਹਾਰਾਣੀ ਦੇ ਤਾਬੂਤ ਨੂੰ ਸ਼ਾਹੀ ਝੰਡੇ ਨਾਲ ਢੱਕਿਆ ਹੋਇਆ ਸੀ | ਪਿ੍ੰਸ ਵਿਲੀਅਮ ਨੇ ਜਿਥੇ ਇਸ ਮੌਕੇ ਸ਼ਾਹੀ ਰਿਵਾਇਤੀ ਪੁਸ਼ਾਕ ਪਹਿਨੀ ਹੋਈ ਸੀ, ਉਥੇ ਹੀ ਪਿ੍ੰਸ ਹੈਰੀ ਆਮ ਸਧਾਰਨ ਪਹਿਰਾਵੇ 'ਚ ਸਨ | ਵੈਸਟਮਿੰਸਟਰ ਹਾਲ 'ਚ ਸ਼ਾਹੀ ਰਿਵਾਇਤਾਂ ਅਨੁਸਾਰ ਮਹਾਰਾਣੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਪਰੰਤ ਸਪੀਕਰ ਅਤੇ ਦੋਵੇਂ ਸਦਨਾਂ ਦੇ ਮੈਂਬਰਾਂ ਨੇ ਵੀ ਸ਼ਰਧਾਂਜ਼ਲੀ ਭੇਂਟ ਕੀਤੀ | ਆਮ ਲੋਕਾਂ ਲਈ ਸੰਸਦੀ ਹਾਲ 'ਚ ਆਮਦ ਸ਼ੁਰੂੀ ਹੋ ਗਈ, ਜਿਥੇ ਲੋਕ 4 ਦਿਨ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਮਹਾਰਾਣੀ ਦੇ ਤਾਬੂਤ ਦੇ ਆਖਰੀ ਦਰਸ਼ਨ ਕਰਨਗੇ ਅਤੇ 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਖੇ ਅੰਤਮ ਸੰਸਕਾਰ ਕੀਤਾ ਜਾਵੇਗਾ | ਮਹਾਰਾਣੀ ਦੇ ਅੰਤਮ ਦਰਸ਼ਨਾਂ ਕਰਨ ਵਾਲੇ ਲੋਕਾਂ ਦੀ ਗਿਣਤੀ 10 ਲੱਖ ਤੱਕ ਹੋਣ ਅਨੁਮਾਨ ਹੈ |


