ਅੰਮਿ੍ਤਸਰ, 22 ਸਤੰਬਰ (ਜੱਸ)-ਉੱਘੇ ਸਿੱਖ ਬੁੱਧੀਜੀਵੀ ਤੇ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ | ਇਸ 'ਤੇ ਸਿੱਖ ਜਥੇਬੰਦੀ ਦਲ ਖ਼ਾਲਸਾ ਦੇ ਆਗੂਆਂ ਕੰਵਰਪਾਲ ਸਿੰਘ ਬਿੱਟੂ ਤੇ ਪਰਮਜੀਤ ਸਿੰਘ ਮੰਡ ਨੇ ਜਾਰੀ ਸ਼ੋਕ ਸੰਦੇਸ਼ 'ਚ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪਾਲ ਸਿੰਘ ਪੁਰੇਵਾਲ ਵਲੋਂ ਸਿੱਖਾਂ ਦੀ ਅੱਡਰੀ ਪਛਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ, ਜੋ ਮਾਰਚ 2003 'ਚ ਲਾਗੂ ਕੀਤਾ ਗਿਆ ਸੀ, ਪਰ 8 ਵਰਿ੍ਹਆਂ ਬਾਅਦ ਸੋਧਾਂ ਦੇ ਨਾਂਅ ਹੇਠ ਉਸ ਦੀ ਅਸਲ ਭਾਵਨਾ ਤੇ ਮੂਲ ਸਰੂਪ ਦਾ ਕਤਲ ਕਰ ਦਿੱਤਾ ਸੀ ਤੇ 2015 'ਚ ਤਾਂ ਨਾਨਕਸ਼ਾਹੀ ਨੂੰ ਮੁੜ ਬਿਕਰਮੀ ਕੈਲੰਡਰ ਕਰ ਦਿੱਤਾ ਗਿਆ ਸੀ | ਸ: ਪੁਰੇਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੂਲ ਕੈਲੰਡਰ ਨੂੰ ਮੁੜ ਲਾਗੂ ਕਰਨ ਦਾ ਅਧੂਰਾ ਕਾਰਜ ਪੂਰਾ ਕਰਨ ਲਈ ਜੱਦੋ-ਜਹਿਦ ਜਾਰੀ ਰੱਖੀ ਜਾਵੇਗੀ |


