ਗੁਰੂਗ੍ਰਾਮ - ਸਮਾਜਵਾਦੀ ਪਾਰਟੀ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਮੁਲਾਇਮ ਸਿੰਘ ਯਾਦਵ (82) ਦਾ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਸਾਬਕਾ ਰੱਖਿਆ ਮੰਤਰੀ ਨੂੰ ਇਥੋਂ ਦੇ ਮੇਦਾਂਤਾ ਹਸਪਤਾਲ ’ਚ 2 ਅਕਤੂਬਰ ਨੂੰ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਦੱਸਿਆ,‘‘ਮੇਰੇ ਪੂਜਨੀਕ ਪਿਤਾ ਅਤੇ ਸਾਰਿਆਂ ਦੇ ਨੇਤਾਜੀ ਨਹੀਂ ਰਹੇ।’’ ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਬਾਅਦ ਦੁਪਹਿਰ ਤਿੰਨ ਵਜੇ ਯੂਪੀ ਦੇ ਇਟਾਵਾ ਜ਼ਿਲ੍ਹੇ ’ਚ ਜੱਦੀ ਸ਼ਹਿਰ ਸੈਫਈ ’ਚ ਕੀਤਾ ਜਾਵੇਗਾ। ਸਮਾਜਵਾਦੀ ਪਾਰਟੀ ਸੁਪਰੀਮੋ ਦੇ ਸਨਮਾਨ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਯਾਦਵ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਆਗੂਆਂ ਨੇ ਮੁਲਾਇਮ ਯਾਦਵ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਸਪਤਾਲ ’ਚ ਅਖਿਲੇਸ਼ ਯਾਦਵ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟਾਇਆ। ਕਾਂਗਰਸ ਆਗੂ ਰਾਜੀਵ ਸ਼ੁਕਲਾ ਅਤੇ ਜਨਤਾ ਦਲ (ਯੂ) ਆਗੂ ਕੇ ਸੀ ਤਿਆਗੀ ਨੇ ਵੀ ਹਸਪਤਾਲ ਦਾ ਦੌਰਾ ਕੀਤਾ। ਸੈਫਈ ਦੇ ਕਿਸਾਨ ਪਰਿਵਾਰ ’ਚ 22 ਨਵੰਬਰ, 1939 ’ਚ ਜਨਮੇ ਮੁਲਾਇਮ ਸਿੰਘ ਯਾਦਵ ਨੇ 1996 ਤੋਂ 1998 ਤੱਕ ਰੱਖਿਆ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ ਜਦਕਿ ਉਹ 1989 ਤੋਂ 91, 1993 ਤੋਂ 95 ਅਤੇ ਫਿਰ 2003 ਤੋਂ 2007 ਤੱਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਸਮਾਜਵਾਦੀ ਪਾਰਟੀ ਸੁਪਰੀਮੋ 10 ਵਾਰ ਵਿਧਾਇਕ ਅਤੇ ਸੱਤ ਵਾਰ (ਜ਼ਿਆਦਾਤਰ ਮੈਨਪੁਰੀ ਤੇ ਆਜ਼ਮਗੜ੍ਹ) ਸੰਸਦ ਮੈਂਬਰ ਚੁਣੇ ਗਏ ਸਨ। ਸ੍ਰੀ ਮੁਲਾਇਮ ਸਿੰਘ ਯਾਦਵ ਨੇ ਦੋ ਵਿਆਹ ਕਰਵਾਏ ਸਨ ਅਤੇ ਉਨ੍ਹਾਂ ਦੀਆਂ ਦੋ ਪਤਨੀਆਂ ਮਾਲਤੀ ਦੇਵੀ ਅਤੇ ਸਾਧਨਾ ਗੁਪਤਾ ਸਨ। ਅਖਿਲੇਸ਼ ਉਨ੍ਹਾਂ ਦੀ ਪਹਿਲੀ ਪਤਨੀ ਮਾਲਤੀ ਦੇਵੀ ਤੋਂ ਪੁੱਤਰ ਹੈ। ਉਹ ਕਈ ਦਹਾਕਿਆਂ ਤੱਕ ਕੌਮੀ ਆਗੂ ਵਜੋਂ ਵਿਚਰਦੇ ਰਹੇ ਪਰ ਉੱਤਰ ਪ੍ਰਦੇਸ਼ ਉਨ੍ਹਾਂ ਦਾ ‘ਅਖਾੜਾ’ ਰਿਹਾ ਜਿਥੇ ਮੁਲਾਇਮ ਯਾਦਵ ਨੇ ਛੋਟੇ ਹੁੰਦਿਆਂ ਤੋਂ ਹੀ ਆਪਣੀ ਸਿਆਸਤ ਸ਼ੁਰੂ ਕੀਤੀ ਅਤੇ ਉਹ ਸਮਾਜਵਾਦੀ ਆਗੂਆਂ ਰਾਮ ਮਨੋਹਰ ਲੋਹੀਆ ਅਤੇ ਜੈਪ੍ਰਕਾਸ਼ ਨਾਰਾਇਣ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ।


