ਚੰਡੀਗੜ੍ਹ - ਪੰਚਕੂਲਾ ਸਥਿਤ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਚ ਚੱਲ ਰਹੇ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ | ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਗੁਰਦੁਆਰਾ ਸਾਹਿਬ 'ਚ ਹੋਈ ਅਰਦਾਸ ਵਿਚ ਸ਼ਾਮਿਲ ਹੋਏ | ਉਨ੍ਹਾਂ ਨੇ ਵੱਡੀ ਗਿਣਤੀ ਵਿਚ ਮੌਜੂਦ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸੁਪਰੀਮ ਕੋਰਟ ਵਿਚ ਹਰਿਆਣਾ ਵਿਚ ਅਲੱਗ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਕੇਸ ਦੀ ਵਧੀਆ ਤਰੀਕੇ ਨਾਲ ਪੈਰਵੀ ਕੀਤੀ | ਇਸ ਦਾ ਨਤੀਜਾ ਇਹ ਰਿਹਾ ਕਿ ਫੈਸਲਾ ਹਰਿਆਣਾ ਦੀ ਸਿੱਖ ਸੰਗਤ ਦੇ ਪੱਖ 'ਚ ਆਇਆ | ਇਸ ਨਾਲ ਪੰਥ ਨੂੰ ਏਕਤਾ ਅਤੇ ਮਜ਼ਬੂਤੀ ਮਿਲੇਗੀ | ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ 18 ਮਹੀਨਿਆਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਜਾਵੇਗੀ, ਉਦੋਂ ਤੱਕ ਐਡਹਾਕ ਕਮੇਟੀ ਵਿਵਸਥਾ ਦੇਖੇਗੀ | ਚੋਣ ਵਿਚ ਸਮਾਜ ਜਿਸ ਨੂੰ ਚੁਣੇਗਾ ਉਸ ਨੂੰ ਕਮੇਟੀ ਦੀ ਕਮਾਨ ਸੌਂਪ ਦਿੱਤੀ ਜਾਵੇਗੀ, ਇਸ ਵਿਚ ਸਰਕਾਰ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ ਹੋਵੇਗੀ ਅਤੇ ਚੋਣ ਤੋਂ ਬਾਅਦ ਐਡਹਾਕ ਕਮੇਟੀ ਆਪਣਾ ਕੰਮਕਾਜ ਨਵੀਂ ਚੁਣੀ ਕਮੇਟੀ ਨੂੰ ਸੁਪਰਦ ਕਰ ਦੇਵੇਗੀ | ਉਨ੍ਹਾਂ ਕਿਹਾ ਕਿ ਪੰਚਕੂਲਾ ਵਿਚ ਐਚ. ਐਸ. ਆਈ. ਡੀ. ਸੀ. ਦਾ ਪਲਾਟ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਦੇਣ ਦੀ ਗੱਲ ਚਲ ਰਹੀ ਹੈ | ਜਲਦ ਹੀ ਇਸ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਤੋਂ ਆਪਣੇ ਹੱਥ 'ਚ ਪ੍ਰਬੰਧ ਦੀ ਤਾਕਤ ਮਿਲੀ ਹੈ ਅਤੇ ਉਸ ਤਾਕਤ ਦਾ ਬਾਖੂਬੀ ਇਸਤੇਮਾਲ ਕਰਦੇ ਹੋਏ ਬਿਨਾਂ ਕਿਸੇ ਭੇਦਭਾਵ ਦੇ ਸਮਾਜ ਹਿਤ ਵਿਚ ਕੰਮ ਕਰਾਂਗੇ | ਮੁੱਖ ਮੰਤਰੀ ਨੇ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਕਿ ਪੂਰਾ ਸਿੱਖ ਸਮਾਜ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਇਕਜੁੱਟ ਹੋ ਕੇ ਚੱਲੇਗਾ ਅਤੇ ਸਮਾਜ ਹਿਤ ਵਿਚ ਬਿਹਤਰੀਨ ਕੰਮ ਕਰੇਗਾ | ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਵਲੋਂ ਸਿੱਖ ਸਮਾਜ ਨੂੰ ਪੂਰਾ ਸਹਿਯੋਗ ਮਿਲੇਗਾ ਅਤੇ ਸਾਰੇ ਮਿਲ ਕੇ ਸਮਾਜ ਦਾ ਭਲਾ ਕਰਾਂਗੇ | ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ, ਕਮੇਟੀ ਦੇ ਸੰਸਥਾਪਕ ਮੁਖੀ ਜਗਦੀਸ਼ ਸਿੰਘ ਝੀਂਡਾ, ਹਰਿਆਣਾ ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਹਰਪਾਲ ਸਿੰਘ ਸਮੇਤ ਹਰਿਆਣਾ ਸਿੱਖ ਸਮਾਜ ਦੀਆਂ ਅਨੇਕਾਂ ਸ਼ਖ਼ਸੀਅਤਾਂ ਮੌਜੂਦ ਸਨ | ਖੱਟਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਜ ਵੀ ਸਰਬਉੱਚ ਸੰਸਥਾ ਹੈ ਪਰ ਜੋ ਅਲੱਗ-ਅਲੱਗ ਜਗ੍ਹਾ ਗੁਰਦੁਆਰਾ ਸਾਹਿਬ ਬਣੇ ਹਨ ਉੱਥੇ ਦੀ ਵਿਵਸਥਾ ਲਈ ਸਥਾਨਕ ਕਮੇਟੀਆਂ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਪ੍ਰਬੰਧ ਦੀ ਵਿਵਸਥਾ ਅਲੱਗ ਬਣਾਉਣ ਨਾਲ ਪੰਥ ਏਕਤਾ ਵਿਚਕਾਰ ਸਾਡੀ ਕੋਈ ਅੜਚਨ ਨਹੀਂ ਆਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਨਾਂਦੇੜ ਸਾਹਿਬ, ਪਟਨਾ ਸਾਹਿਬ ਅਤੇ ਦਿੱਲੀ ਵਿਚ ਅਲੱਗ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਸਕਦੀ ਹੈ ਤਾਂ ਹਰਿਆਣਾ ਵਿਚ ਕਿਉਂ ਨਹੀਂ | ਉਨ੍ਹਾਂ ਕਿਹਾ ਕਿ ਇਹ ਕੇਵਲ ਸ਼ਾਸਨ ਅਤੇ ਪ੍ਰਬੰਧ ਵਿਵਸਥਾ ਲਈ ਹੈ | ਧਾਰਮਿਕ ਵਿਵਸਥਾ ਸੁਪਰੀਮ ਹੈ, ਸਰਕਾਰ ਦੀ ਉਸ ਵਿਚ ਕੋਈ ਦਖ਼ਲ-ਅੰਦਾਜ਼ੀ ਨਹੀਂ ਹੁੰਦੀ |


