ਅੰਮ੍ਰਿਤਸਰ - ਵਿਰੋਧੀ ਧਿਰ ਦੇ ਅੰਤਰਿੰਗ ਕਮੇਟੀ ਮੈਂਬਰਾਂ ਨੇ ਪੰਥਕ ਮਾਮਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਸ੍ਰੀ ਅਕਾਲ ਤਖ਼ਤ ਦਾ ਪੱਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਪੱਕਾ ਹੈੱਡ ਗ੍ਰੰਥੀ ਨਾ ਹੋਣ, ਸ੍ਰੀ ਅਕਾਲ ਤਖ਼ਤ ਦੇ ਦੋ ਹੈੱਡ ਗ੍ਰੰਥੀ ਅਤੇ ਪੰਜਾਬ ਵਿਚਲੇ ਤਿੰਨ ਤਖ਼ਤਾਂ ਦੇ ਦੋ ਜਥੇਦਾਰ ਹੋਣ ’ਤੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਵਰਤਾਰੇ ਨੂੰ ਪਰੰਪਰਾ ਤੇ ਸਿਧਾਂਤਾਂ ਦੇ ਖ਼ਿਲਾਫ਼ ਦੱਸਿਆ ਹੈ। ਵਿਰੋਧੀ ਧਿਰ ਵਿੱਚ ਸ਼ਾਮਲ ਅੰਤਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, ਮਲਕੀਤ ਸਿੰਘ, ਮਲਕੀਤ ਸਿੰਘ ਚੰਗਾਲ ਅਤੇ ਭੁਪਿੰਦਰ ਸਿੰਘ ਅਸੰਧ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਇਹ ਅਹਿਮ ਮਸਲੇ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਿੰਨ ਤਖ਼ਤ ਹਨ ਪਰ ਤਖ਼ਤਾਂ ਦੇ ਜਥੇਦਾਰ ਦੋ ਹਨ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਸ੍ਰੀ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਵੀ ਇਸ ਵੇਲੇ ਕਾਰਜਕਾਰੀ ਹੈੱਡ ਗ੍ਰੰਥੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਇਕ ਦਿਨ ਪਹਿਲਾਂ ਬਣਾਏ ਗਏ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੇ ਮੈਂਬਰਾਂ ਦੀ ਗਿਣਤੀ ਵਿਚ ਵਾਧਾ ਕਰਦਿਆਂ ਇਨ੍ਹਾਂ ਦੀ ਗਿਣਤੀ 13 ਤੋਂ 19 ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਨਵੇਂ ਮੈਂਬਰਾਂ ਵਿਚ ਭਾਈ ਮਹਿੰਦਰ ਸਿੰਘ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ, ਕਥਾਵਾਚਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਯੂਕੇ, ਬੀਬੀ ਇੰਦਰਜੀਤ ਕੌਰ ਖਾਲਸਾ ਅਮਰੀਕਾ, ਰਘਬੀਰ ਸਿੰਘ ਸੁਭਾਨਪੁਰ ਅਮਰੀਕਾ, ਮਾਸਟਰ ਮਹਿੰਦਰ ਸਿੰਘ ਨਿਊਯਾਰਕ ਅਤੇ ਕਰਮਦੀਪ ਸਿੰਘ ਬੈਂਸ ਯੂਬਾ ਸਿਟੀ ਅਮਰੀਕਾ ਨੂੰ ਸ਼ਾਮਲ ਕੀਤਾ ਗਿਆ ਹੈ।


