ਨਵੀਂ ਦਿੱਲੀ - ਅੰਮਿ੍ਤਸਰ ਦੇ ਹਰਿਮੰਦਰ ਸਾਹਿਬ ਵਿਖੇ ਹੋਏ ਆਪ੍ਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰ) ਦੇ 39 ਸਾਲਾਂ ਬਾਅਦ ਉਸ ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਇੰਦਰਾ ਗਾਂਧੀ ਦੀ ਸ਼ੈਅ ਮਿਲੀ ਸੀ ਅਤੇ ਆਪ੍ਰੇਸ਼ਨ ਬਲੂ ਸਟਾਰ ਦੇ ਸਮੇਂ ਭਾਰਤੀ ਫ਼ੌਜ ਕੋਲ ਨਾ ਤਾਂ ਢੁਕਵੇਂ ਵਸੀਲੇ ਸਨ ਅਤੇ ਨਾ ਹੀ ਕਾਰਵਾਈ ਕਰਨ ਦੀ ਪੂਰੀ ਖੁੱਲ੍ਹ ਸੀ |
ਸੇਵਾਮੁਕਤ ਜਨਰਲ ਬਰਾੜ ਨੇ ਇਕ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਆਪ੍ਰੇਸ਼ਨ ਬਲੂ ਸਟਾਰ ਨੂੰ ਉਪਰੋਂ ਦਿੱਤੇ ਆਦੇਸ਼ ਮੁਤਾਬਿਕ ਕੀਤੀ ਕਾਰਵਾਈ ਦੱਸਦਿਆਂ ਕਿਹਾ ਕਿ ਉਸ ਵੇਲੇ ਦੇ ਹਾਲਾਤ ਠੀਕ ਉਂਝ ਸੀ ਜਿਵੇਂ ਮੁੱਕੇਬਾਜ਼ੀ ਦੇ ਰਿੰਗ 'ਚ ਕਿਸੇ ਨੂੰ ਇਕ ਹੱਥ ਬੰਨ੍ਹ ਕੇ ਉਤਾਰ ਦਿੱਤਾ ਜਾਏ ਅਤੇ ਉਸ ਨੂੰ ਕਿਹਾ ਜਾਏ ਕਿ ਤੁਸੀਂ ਲੜਨਾ ਹੈ |
1984 'ਚ ਬਰਾੜ ਦੀ ਅਗਵਾਈ ਹੇਠ ਹੋਏ ਆਪ੍ਰੇਸ਼ਨ ਬਲੂ ਸਟਾਰ ਤਹਿਤ ਸਿੱਖਾਂ ਦੇ ਸਭ ਤੋਂ ਪਵਿੱਤਰ ਮੰਨੇ ਜਾਂਦੇ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ 'ਚ ਫ਼ੌਜ ਦਾਖ਼ਲ ਹੋਈ ਸੀ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਅੱਜ ਤੱਕ ਰੋਸ ਹੈ | ਜਨਰਲ ਬਰਾੜ ਨੇ ਆਪ੍ਰੇਸ਼ਨ ਬਲੂ ਸਟਾਰ ਨੂੰ ਫ਼ੌਜ ੀ ਮਜਬੂਰੀ ਦੱਸਦਿਆਂ ਕਿਹਾ ਕਿ ਸਾਡੇ (ਫ਼ੌਜ) ਕੋਲ ਸ੍ਰੀ ਦਰਬਾਰ ਸਾਹਿਬ 'ਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਉਂਕਿ ਅਜਿਹਾ ਤੈਅ ਹੋਇਆ ਸੀ | ਉਨ੍ਹਾਂ ਕਿਹਾ ਕਿ ਫ਼ੌਜ ਵਲੋਂ ਮਸ਼ੀਨਗੰਨਾਂ ਚਲਾਈਆਂ ਜਾ ਰਹੀਆਂ ਸਨ ਜਦਕਿ ਫ਼ੌਜ 'ਤੇ ਬੰਦੂਕਾਂ ਦੀਆਂ ਗੋਲੀਆਂ ਰਾਹੀਂ ਹਮਲਾ ਕੀਤਾ ਜਾ ਰਿਹਾ ਸੀ | ਬਰਾੜ ਨੇ ਕਿਹਾ ਕਿ ਬੰਦੂਕ ਰਾਹੀਂ ਅਜਿਹੀਆਂ ਥਾਵਾਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਸੀ, ਜਿਥੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ |
ਬਰਾੜ ਨੇ ਅੱਗੇ ਇਹ ਵੀ ਸਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭਾਰਤੀ ਫ਼ੌਜ ਵਲੋਂ ਗੋਲੀਬਾਰੀ ਨਹੀਂ ਕੀਤੀ ਗਈ ਕਿਉਕਿ ਫ਼ੌਜ ਨੂੰ ਅਜਿਹੇ ਆਦੇਸ਼ ਨਹੀਂ ਦਿੱਤੇ ਗਏ ਸਨ | ਨਾਲ ਹੀ ਹੋਰ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਘੱਟ ਤੋਂ ਘੱਟ ਫ਼ੌਜ ਦੇ ਨਾਲ ਇਹ ਵੀ ਯਕੀਨੀ ਬਣਾਉਣਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੋਈ ਨੁਕਸਾਨ ਨਾ ਹੋਵੇ | ਉਨ੍ਹਾਂ ਇਸ ਕਾਰਵਾਈ 'ਚ ਹੋਏ ਜਾਨੀ ਨੁਕਸਾਨ 'ਤੇ ਬੋਲਦਿਆਂ ਕਿਹਾ ਕਿ ਇਸ 'ਚ 8 ਤੋਂ 10 ਘੰਟਿਆਂ 'ਚ ਤਿੰਨ, ਚਾਰ ਸੌਂ ਜਵਾਨਾਂ ਦੀ ਮੌਤ ਹੋ ਗਈ ਸੀ |
ਬਰਾੜ ਨੇ ਪੰਜਾਬ ਦੇ ਵਿਗੜੇ ਮਾਹੌਲ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਦਾਰ ਠਹਿਰਾਉਂਦਿਆਂ ਕਿਹਾ ਕਿ ਇੰਦਰਾ ਗਾਂਧੀ ਨੇ ਪੰਜਾਬ 'ਚ ਵਿਗੜਦੇ ਮਾਹੌਲ ਨੂੰ ਰੋਕਣ 'ਚ ਦੇਰ ਕਰ ਦਿੱਤੀ | ਉਨ੍ਹਾਂ ਜਰਨੈਲ ਸਿੰਘ ਭਿੰਡਰਾਂਵਾਲਾ ਦੇ 20 ਸਾਲ ਭਰ 'ਚ ਵਧੇ ਰੁਤਬੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਸਭ ਕੁਝ ਕੇਂਦਰ ਦੇ ਸਾਹਮਣੇ ਹੋ ਰਿਹਾ ਸੀ | ਪੰਜਾਬ 'ਚ ਖ਼ਾਲਿਸਤਾਨ ਦੀ ਮੰਗ ਵਧ ਰਹੀ ਸੀ | ਬਰਾੜ ਦਾ ਇਹ ਇੰਟਰਵਿਊ ਅਜਿਹੇ ਸਮੇਂ 'ਤੇ ਨਸ਼ਰ ਹੋ ਰਿਹਾ ਹੈ ਜਦੋਂ ਬੀ. ਬੀ. ਸੀ. ਵਲੋਂ ਗੁਜਰਾਤ ਦੰਗਿਆਂ 'ਤੇ ਵਿਵਾਦਿਤ ਦਸਤਾਵੇਜ਼ੀ ਫ਼ਿਲਮ ਨੂੰ ਲੈ ਕੇ ਵਿਰੋਧੀ ਧਿਰ ਖ਼ਾਸ ਤੌਰ 'ਤੇ ਕਾਂਗਰਸ ਹਮਲਾਵਰ ਹੋਈ ਹੈ ਅਤੇ ਕਈ ਥਾਵਾਂ 'ਤੇ ਇਸ ਦੀ ਸਕ੍ਰੀਨਿੰਗ ਕਰਵਾਈ ਜਾ ਰਹੀ ਹੈ | ਹਾਲਾਂਕਿ ਕੇਂਦਰ ਸਰਕਾਰ ਵਲੋਂ ਇਸ 'ਤੇ ਅਧਿਕਾਰਕ ਤੌਰ 'ਤੇ ਪਾਬੰਦੀ ਲਾਈ ਗਈ ਹੈ | ਜਨਰਲ ਕੁਲਦੀਪ ਨੇ ਇੰਟਰਵਿਊ 'ਚ ਇਹ ਵੀ ਕਿਹਾ ਕਿ ਬਲੂ ਸਟਾਰ ਆਪ੍ਰੇਸ਼ਨ ਦੇ ਸਮੇਂ ਉਨ੍ਹਾਂ ਨੂੰ ਇਹ ਸੋਚ ਕੇ ਚੁਣਿਆ ਗਿਆ ਕਿ ਜਨਰਲ ਕੁਲਦੀਪ ਇਕ ਫ਼ੌਜੀ ਹੈ | ਇਕ ਵਾਰ ਵੀ ਇਹ ਨਹੀਂ ਵੇਖਿਆ ਗਿਆ ਕਿ ਉਹ ਇਕ ਸਿੱਖ, ਹਿੰਦੂ ਜਾਂ ਪਾਰਸੀ ਹਨ | ਜ਼ਿਕਰਯੋਗ ਹੈ ਕਿ 1 ਜੂਨ 1984 ਨੂੰ ਅੰਮਿ੍ਤਸਰ ਨੂੰ ਫ਼ੌਜ ਦੇ ਹਵਾਲੇ ਕੀਤਾ ਗਿਆ ਸੀ 5 ਜੂਨ ਨੂੰ ਸ਼ਾਮੀ 7 ਵਜੇ ਫ਼ੌਜ ਨੇ ਕਾਰਵਾਈ ਸ਼ੁਰੂ ਕੀਤੀ ਸੀ | ਸਰਕਾਰੀ ਅੰਕੜਿਆਂ ਮੁਤਾਬਿਕ 7 ਜੂਨ ਨੂੰ ਖ਼ਤਮ ਹੋਏ ਆਪ੍ਰੇਸ਼ਨ ਬਲੂ ਸਟਾਰ 'ਚ 492 ਲੋਕਾਂ ਦੀਆਂ ਜਾਨਾਂ ਗਈਆਂ ਸਨ, ਪਰ ਗ਼ੈਰਸਰਕਾਰੀ ਅੰਕੜਿਆਂ 'ਚ ਇਹ ਗਿਣਤੀ ਇਸ ਤੋਂ ਕਿਤੇ ਵਧ ਸੀ |


