ਜਲੰਧਰ - ਸਵ. ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਭੋਗਪੁਰ ਥਾਣੇ ਨਾਲ ਸਬੰਧਿਤ ਇਕ ਕੇਸ 'ਚ ਬੁੜੈਲ ਜੇਲ੍ਹ ਤੋਂ ਲਿਆ ਕੇ ਜਲੰਧਰ ਦੀ ਅਦਾਲਤ 'ਚ ਕੇ ਪੇਸ਼ ਕੀਤਾ ਗਿਆ | ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਵੀਨ ਭਾਰਦਵਾਜ ਦੀ ਅਦਾਲਤ ਨੇ ਖਾੜਕੂ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਭੋਗਪੁਰ ਥਾਣੇ ਨਾਲ ਸਬੰਧਿਤ ਗੈਰ-ਕਾਨੂੰਨੀ ਕਾਰਵਾਈਆਂ 'ਚ ਸ਼ਾਮਿਲ ਹੋਣ ਦੇ ਕੇਸ 'ਚ ਅਗਲੀ ਸੁਣਵਾਈ ਲਈ 22 ਅਕਤੂਬਰ ਦੀ ਤਰੀਕ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਤਾਰਾ ਦੇ ਵਕੀਲ ਕੇ.ਐਸ. ਹੁੰਦਲ ਨੇ ਦੱਸਿਆ ਕਿ ਅੱਜ ਇਸ ਕੇਸ 'ਚ ਭਾਈ ਤਾਰਾ ਿਖ਼ਲਾਫ਼ ਦੋਸ਼ ਤੈਅ ਕੀਤੇ ਜਾਣੇ ਸੀ ਪਰ ਕੇਸ ਸਬੰਧੀ ਪੁਰਾਣੀ ਫਾਈਲ ਨਾ ਹੋਣ ਕਰਕੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਤੈਅ ਕੀਤੀ ਹੈ | ਹੁੰਦਲ ਨੇ ਦੱਸਿਆ ਕਿ ਭਾਈ ਤਾਰਾ ਿਖ਼ਲਾਫ਼ 28 ਸਤੰਬਰ 2009 ਨੂੰ ਥਾਣਾ ਭੋਗਪੁਰ ਵਿਖੇ ਗੈਰ-ਕਾਨੂੰਨੀ ਕਾਰਵਾਈਆਂ 'ਚ ਸ਼ਾਮਿਲ ਹੋਣ ਸਬੰਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਇਸੇ ਕੇਸ 'ਚ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਤੋਂ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਸੀ | ਭਾਈ ਜਗਤਾਰ ਸਿੰਘ ਤਾਰਾ ਦੀ ਜਲੰਧਰ ਪੇਸ਼ੀ ਨੂੰ ਲੈ ਕੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ |


