ਨਿਹਾਲ ਸਿੰਘ ਵਾਲਾ - ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਨਿਹਾਲ ਸਿੰਘ ਵਾਲਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬਰਗਾੜੀ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਸ੍ਰੀ ਖਹਿਰਾ ਨੇ ਇਥੇ ਵਿਕਰਾਜ ਪੈਲੇਸ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਅਤੇ 7 ਅਕਤੂਬਰ ਨੂੰ ਬਿਨਾਂ ਕਾਰਨ ਰੈਲੀਆਂ ਕਰਨ ਦਾ ਫ਼ਤਵਾ ਦਿੰਦਿਆਂ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਭ੍ਰਿਸ਼ਟਾਚਾਰ, ਨਸ਼ੇ ਅਤੇ ਮਾਫ਼ੀਆ ਸਰਗਰਮ ਹਨ। ਅਕਾਲੀਆਂ ਨੇ ਪੰਜਾਬ ਲੁੱਟ ਕੇ ਖਾ ਲਿਆ। ਉਨ੍ਹਾਂ ਕਿਹਾ ਕਿ ਜੇ ਬਾਦਲ ਪਿਉ-ਪੁੱਤ ਸਿਆਸਤ ਛੱਡ ਦੇਣ ਤਾਂ ਪੰਜਾਬ ਬਚ ਸਕਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਲੋਕ ਇੱਥੇ ਮੁੱਦਿਆਂ ਦੀ ਲੜਾਈ ਲੜ ਰਹੇ ਹਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਬੈਠੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਮਨਮਰਜ਼ੀ ਨਾਲ ਟਿਕਟਾਂ ਦਿੱਤੀਆਂ ਅਤੇ ਜਿਸ ਨੂੰ ਦਿਲ ਕੀਤਾ ਗੈਰ-ਜ਼ਮਹੂਰੀ ਢੰਗ ਨਾਲ ਕੱਢਿਆ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚਾ ਧਰਮ ਦੀ ਲੜਾਈ ਨਹੀਂ ਇਨਸਾਫ਼ ਦੀ ਲੜਾਈ ਹੈ। ਕਿਸੇ ਧਰਮ ਨਾਲ ਵੀ ਇੰਝ ਹੋ ਸਕਦਾ ਹੈ, ਸਾਨੂੰ ਵਧ ਚੜ੍ਹ ਕੇ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਤਾਂ ਹਲਕਾ ਵਿਧਾਇਕਾਂ ਨੂੰ ਅਪੀਲ ਹੀ ਕਰ ਸਕਦੇ ਹਨ। ਬਾਕੀ ਉਨ੍ਹਾਂ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਦਿੱਲੀ ਵਾਲਿਆਂ ਦੀ ਸੁਣਨੀ ਹੈ ਜਾਂ ਉਨ੍ਹਾਂ ਦੀ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਹੈ।
ਇਸ ਮੌਕੇ ਬਲਾਕ ਸਮਿਤੀ ਮੈਂਬਰ ਕੁਲਦੀਪ ਸਿੰਘ ਬਰਾੜ, ਬਲਾਕ ਸਮਿਤੀ ਮੈਂਬਰ ਸਰਬਜੀਤ ਸਿੰਘ, ਕੁਲਵੰਤ ਸਿੰਘ ਗਰੇਵਾਲ, ਜਗਦੇਵ ਸਿੰਘ ਲੁਹਾਰਾ, ਡਾ. ਰਾਜਵੀਰ ਸਿੰਘ ਖਾਲਸਾ, ਚਮਕੌਰ ਸਿੰਘ ਬਰਾੜ, ਅਰਵਿੰਦ ਰਾਣਾ, ਬਲਵਿੰਦਰ ਘੋਲੀਆ, ਦਵਿੰਦਰ ਸਿੰਘ ਲੁਹਾਰਾ, ਬਲਬੀਰ ਫੌਜੀ, ਬਲਦੇਵ ਸਿੰਘ ਡਾਲਾ, ਜੀਤ ਬਾਠ, ਮਹਿੰਦਰ ਸਿੰਘ ਧੂੜਕੋਟ, ਅਮਰਜੀਤ ਸਿੰਘ ਸੈਦੋ ਕੇ ਆਦਿ ਸਮੇਤ ਵੱਡੀ ਗਿਣਤੀ ਵਿੱਚ ਆਪ ਵਰਕਰ ਤੇ ਸਮਰਥਕ ਮੌਜੂਦ ਸਨ।


