ਪਟਿਆਲਾ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਖਾਲਸਾ ਪੰਥ ਸਿੱਖ ਕੌਮ ਦੀ ਦੁਸ਼ਮਣ ਕਾਂਗਰਸ ਪਾਰਟੀ ਨੂੰ ਕਦੇ ਵੀ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਅਤੇ ਸਿੱਖ ਕੌਮ ਦੀ ਤਕਦੀਰ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਇਥੇ ‘ਜਬਰ ਵਿਰੋਧੀ’ ਰੈਲੀ ’ਚ ਲੋਕਾਂ ਦੇ ਜੁਟਾਏ ਗਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਉੱਤੇ ਉਨ੍ਹਾਂ ਦੀ ਪਾਰਟੀ ਖ਼ਿਲਾਫ਼ ਲਾਏ ਜਾ ਰਹੇ ਸਾਰੇ ਝੂਠ ਦੋਸ਼ ਕਾਂਗਰਸ ਪਾਰਟੀ ਦੀ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਲਈ ਰਚੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਅਸਲੀ ਮੰਤਵ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਵਾਲਿਆਂ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਲੀਨ ਚਿਟ ਦੇਣਾ ਹੈ। ਉਨ੍ਹਾਂ ਕਿਹਾ ਕਿ ਹੁਣ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਦੀ ਆਪਣੀ ਨੀਯਤ ਬਾਰੇ ਜਨਤਕ ਤੌਰ ’ਤੇ ਐਲਾਨ ਕਰਕੇ ਬਿੱਲੀ ਨੂੰ ਥੈਲੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਦੇ ਖੁਲਾਸੇ ਨਾਲ ਸਾਬਤ ਹੋ ਗਿਆ ਹੈ ਕਿ ਕੁੱਝ ਅਖੌਤੀ ਸਿੱਖ ਜਥੇਬੰਦੀਆਂ ਸਿੱਖ-ਵਿਰੋਧੀ ਕਾਂਗਰਸ ਪਾਰਟੀ ਨਾਲ ਰਲੀਆਂ ਹੋਈਆਂ ਹਨ। ਰੈਲੀ ’ਚ ਅਕਾਲੀ ਦਲ ਵੱਲੋਂ ਆਪਣੇ ਆਪ ਨੂੰ ਸਿਰਮੌਰ ਪੰਥਕ ਜਥੇਬੰਦੀ ਸਿੱਧ ਕਰਨ ਦੀ ਪੂਰੀ ਵਾਹ ਲਾਈ ਗਈ। ਕਾਂਗਰਸ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਆਖਿਆ ਕਿ ਕਾਂਗਰਸ ਵੱਲੋਂ ਪੈਦਾ ਕੀਤੇ ਗਏ ਹਾਲਾਤ ਨਾਲ ਸਪੱਸ਼ਟ ਹੋ ਗਿਆ ਹੈ ਕਿ ਹੁਣ ਲੜਾਈ ਖਾਸਲਾ ਪੰਥ ਅਤੇ ਕਾਂਗਰਸ ਤੇ ‘ਕਾਂਗਰਸ ਪੰਥ’ ਵਿਚਕਾਰ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਗੁਰਧਾਮਾਂ ’ਤੇ ਕਬਜ਼ੇ ਕਰਨ ਤੋਂ ਰੋਕਣ ਲਈ ਪੰਥ ਨੂੰ ਅੱਗੇ ਆਉਣਾ ਪੈਣਾ ਹੈ। ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਭ ਤੋਂ ਵੱਡਾ ਵਿਸ਼ਵਾਸ਼ਘਾਤ ਕੀਤਾ ਗਿਆ ਹੈ। ਗੁੱਸੇ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕੈਪਟਨ ਨੂੰ ‘ਹਿਟਲਰ’ ਵੀ ਆਖ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਸਲੀ ਦੈਂਤ ਉਹ ਸਨ, ਜਿਨ੍ਹਾਂ ਨੇ ਬਰਗਾੜੀ ਵਿਖੇ ਬੇਅਦਬੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਭ ਤੋਂ ਵੱਧ ਦੁੱਖ ਅਕਾਲੀ ਦਲ ਨੂੰ ਪਹੁੰਚਾਇਆ ਸੀ ਅਤੇ ਕਾਂਗਰਸ ਨੇ ਇਸ ਘਟਨਾ ਦਾ ਇਸਤੇਮਾਲ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ। ‘ਕਾਂਗਰਸ ਨੇ ਅਜਿਹੇ ਲੋਕਾਂ ਨਾਲ ਜੁੰਡਲੀ ਬਣਾਈ ਹੋਈ ਹੈ, ਜਿਹੜੇ ਧਰਮ ਦੇ ਨਾਂ ਉੱਤੇ ਪੈਸੇ ਇਕੱਠੇ ਕਰਨ ਲਈ ਪੰਥ ਦਾ ਇਸਤੇਮਾਲ ਕਰ ਰਹੇ ਹਨ।’ ਆਮ ਆਦਮੀ ਪਾਰਟੀ ਆਗੂ ਸੁਖਪਾਲ ਖਹਿਰਾ ਬਾਰੇ ਉਨ੍ਹਾਂ ਕਿਹਾ ਕਿ ਉਸ ਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਲਈ ਕੋਈ ਸਤਿਕਾਰ ਨਹੀਂ ਹੈ, ਉਹ ਸਿਰਫ ਪੈਸੇ ਕਮਾਉਣ ਦੇ ਲਾਲਚ ਵਿਚ ਅੱਜ ਬਰਗਾੜੀ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ’ਚ ਰੈਲੀ ਕਰਨ ਬਾਰੇ ਸੁਖਬੀਰ ਨੇ ਕਿਹਾ ਕਿ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਡੇਢ ਸਾਲ ਮਗਰੋਂ ਕੈਪਟਨ ਨੂੰ ਲੰਬੀ ਆਉਣ ਦਾ ਸਮਾਂ ਮਿਲ ਗਿਆ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਸਮੇਤ ਕਾਂਗਰਸੀ ਆਗੂ ਸੂਬਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਰੋਣਾ ਰੋ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ਨੂੰ 32 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਬਾਰੇ ਸਵਾਲ ਕੀਤਾ। ਇਸ ਮੌਕੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਹਰਪਾਲ ਜੁਨੇਜਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਰੱਖੜਾ ਅਤੇ ਹਰਿੰਦਰਪਾਲ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ।


