ਬਰਗਾੜੀ/ਕੋਟਕਪੂਰਾ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਕਰਦਿਆਂ ਸੰਗਤਾਂ ਦਾ ਰੋਸ ਮਾਰਚ ਅੱਜ ਬਰਗਾੜੀ ਪਹੁੰਚਿਆ। ਪੰਡਾਲ ਵਾਲੀ ਥਾਂ ’ਤੇ ਲੋਕਾਂ ਨੂੰ ਖੜ੍ਹ ਕੇ ਬੁਲਾਰਿਆਂ ਨੂੰ ਸੁਣਨਾ ਪਿਆ। ਸਰਕਾਰੀ ਏਜੰਸੀਆਂ ਵੱਲੋਂ ਲਾਏ ਗਏ ਅੰਦਾਜ਼ੇ ਨਾਲੋਂ ਵੱਧ ਇਕੱਠ ਹੋਇਆ। ਕੋਟਕਪੂਰਾ ਤੋਂ ਬਰਗਾੜੀ ਤਕ ਰੋਸ ਮਾਰਚ ਕਾਰਨ ਹਾਈਵੇਅ ਜਾਮ ਰਿਹਾ। ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਾਂਡ ਰਚਾਉਣ ਵਾਲੇ ਦੋਸ਼ੀ ਫੜੇ ਨਹੀਂ ਜਾਂਦੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਅਕਾਲ ਤਖ਼ਤ ਸਾਹਿਬ ਆਜ਼ਾਦ ਨਹੀਂ ਹੁੰਦੇ, ਉਦੋਂ ਤੱਕ ਉਹ ਟਿਕ ਕੇ ਨਹੀਂ ਬੈਠਣਗੇ। ਪਹਿਲਾਂ ਤੋਂ ਉਲਟ ਅੱਜ ਭਾਈ ਮੰਡ ਦੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਸੁਰ ਤਿੱਖੀ ਰਹੀ। ਉਹ ਪ੍ਰਧਾਨ ਮੰਤਰੀ ਅਤੇ ਬਾਦਲਾਂ ’ਤੇ ਵੀ ਰੱਜ ਕੇ ਵਰ੍ਹੇ। ਉਨ੍ਹਾਂ ਸਿੱਖਾਂ ਨੂੰ ਅਤਿਵਾਦੀ ਅਤੇ ਵੱਖਵਾਦੀ ਗਰਦਾਨਣ ਵਾਲਿਆਂ ਨੂੰ ਪੰਥ ਵਿਰੋਧੀ ਕਰਾਰ ਦਿੱਤਾ। ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਬਹਿਬਲ ਕਲਾਂ ਗੋਲੀ ਕਾਂਡ ਵਾਲੇ ਦਿਨ 14 ਅਕਤੂਬਰ ਨੂੰ ਮੁੜ ਬਰਗਾੜੀ ’ਚ ਜੁੜਨ ਦਾ ਮਤਾ ਪੇਸ਼ ਕਰ ਕੇ ਪ੍ਰਵਾਨਗੀ ਮੰਗੀ ਤਾਂ ਇਕੱਠ ਨੇ ਉਸ ’ਤੇ ਮੋਹਰ ਲਗਾ ਦਿੱਤੀ। ਸ੍ਰੀ ਖਹਿਰਾ ਨੇ ਪੰਜਾਬ ਸਰਕਾਰ ਨੂੰ ਬਾਦਲ ਪਿਉ-ਪੁੱਤ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਬਹਿਬਲ ਕਾਂਡ ਦੇ ਦੋਸ਼ੀਆਂ ਉਪਰ 15 ਦਿਨਾਂ ਦੇ ਅੰਦਰ-ਅੰਦਰ ਮੁਕੱਦਮਾ ਦਰਜ ਕਰਨ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਹੋਰ ਵੱਡਾ ਪ੍ਰੋਗਰਾਮ ਉਲੀਕ ਕੇ ਰੋਸ ਜਤਾਇਆ ਜਾਵੇਗਾ।
ਭਾਈ ਮੰਡ ਨੇ ਸਮੁੱਚੇ ਖਾਲਸਾ ਪੰਥ ਨੂੰ ਫੁੱਟ ਛੱਡ ਕੇ ਕੇਸਰੀ ਨਿਸ਼ਾਨ ਹੇਠ ਇਕੱਠੇ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਇੰਜ ਹੋਣ ਨਾਲ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੀਆਂ ਹੋਣਗੀਆਂ। ਅੱਜ ਦੇ ਰੋਸ ਮਾਰਚ ਨੂੰ ਸਫ਼ਲ ਕਰਨ ਲਈ ਪਿਛਲੇ ਦਿਨਾਂ ਤੋਂ ਸਰਗਰਮ ਰਹੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਨਾਲ ਪੈਰ-ਪੈਰ ’ਤੇ ਵਧੀਕੀਆਂ ਹੋਣ ਦੇ ਦੋਸ਼ ਲਾਉਣ ਸਮੇਤ ਰਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਤਬਾਹ ਹੋਏ ਵਪਾਰ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਵੀ ਛੋਹਿਆ। ਉਨ੍ਹਾਂ ਬੇਅਦਬੀ ਘਟਨਾਵਾਂ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਹੁਣ ਸੁਖਬੀਰ ਬਾਦਲ ਨੂੰ ਇਨਸਾਫ਼ ਮੰਗਣ ਵਾਲੇ ਪਾਕਿਸਤਾਨੀ ਏਜੰਟ ਨਜ਼ਰ ਆਉਂਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਸ਼ਿਕੰਜੇ ਵਿੱਚੋਂ ਮੁਕਤ ਕਰਾਉਣ ਲਈ ਸਿੱਖ ਕੌਮ ਨੂੰ ਇੱਕਜੁਟ ਹੋਣ ਦਾ ਸੁਨੇਹਾ ਦਿੱਤਾ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬੇਅਦਬੀ ਘਟਨਾਵਾਂ ਲਈ ਅਕਾਲੀਆਂ ਨੂੰ ਦੋਸ਼ੀ ਦੱਸਦਿਆਂ ਕੈਪਟਨ ਸਰਕਾਰ ’ਤੇ ਦੋਸ਼ੀਆਂ ਨੂੰ ਖੰਭਾਂ ਹੇਠ ਲੁਕੋਣ ਦੇ ਇਲਜ਼ਾਮ ਲਾਏ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨਾਲ ਕਦਮ-ਕਦਮ ’ਤੇ ਹੁੰਦੀ ਧੱਕੇਸ਼ਾਹੀ ਲਈ ਸਮੇਂ ਦੀਆਂ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਨਿਆਂ ਪ੍ਰਾਪਤੀ ਤੱਕ ਬਰਗਾੜੀ ਦੇ ਮੋਰਚੇ ਨੂੰ ਜਾਰੀ ਰੱਖਣ ਦੀ ਗੱਲ ਦੁਹਰਾਈ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਹਿੰਦੂ-ਸਿੱਖਾਂ ਵਿਚਾਲੇ ਨਫ਼ਰਤ ਦੇ ਬੀਜ ਬੋਅ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਤਾਕ ਵਿੱਚ ਲੱਗੀਆਂ ਤਾਕਤਾਂ ਤੋਂ ਚੌਕਸ ਹੋਣ ਦਾ ਸੁਨੇਹਾ ਦਿੱਤਾ। ਉਨ੍ਹਾਂ ਵੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਕੋਲੋਂ ਮੁਕਤ ਕਰਾਉਣ ਲਈ ਸਿੱਖ ਕੌਮ ਨੂੰ ਏਕੇ ਦੀ ਅਪੀਲ ਕੀਤੀ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਇਨਸਾਫ਼ ਮੋਰਚੇ ਦੀਆਂ ਮੰਗਾਂ ਨੂੰ ਹਕੂਮਤ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ’ਤੇ ਅਫ਼ਸੋਸ ਜ਼ਾਹਿਰ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੀਤਾ ਗਿਆ।


