ਬਰਨਾਲਾ, (ਜਗਸੀਰ ਸਿੰਘ ਸੰਧੂ) - ਪਾਕਿਸਤਾਨ ਵਿੱਚ ਹੁਣ ਸਿੱਖਾਂ ਨੂੰ ਨੌਕਰੀਆਂ 'ਚ 10 ਫੀਸਦੀ ਰਿਜਵੇਸ਼ਨ ਮਿਲੇਗੀ। ਇਹ ਐਲਾਨ ਪਾਕਿਸਤਾਨ ਓਕਾਫ਼ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਨ ਨੇ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਚੂਨਾ ਮੰਡੀ ਲਾਹੌਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਵਿਸੇਸ਼ ਤੌਰ 'ਤੇ ਸਿਰਕਤ ਕਰਨ ਆਏ ਤਾਰਿਕ ਵਜ਼ੀਰ ਖਾਨ ਨੇ ਕਿਹਾ ਹੈ ਪਾਕਿਸਤਾਨ ਦੀ ਸਰਕਾਰ ਵੱਲੋਂ ਉਕਾਫ਼ ਬੋਰਡ ਅੰਦਰ ਦਿੱਤੀਆਂ ਜਾਂਦੀਆਂ ਨੌਕਰੀਆਂ ਵਿੱਚ ਪਾਕਿਸਤਾਨ ਦੇ ਸਿੱਖਾਂ ਨੂੰ 10 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਓਕਾਫ ਬੋਰਡ ਵੱਲੋਂ ਇਸ ਦੀ ਸਰਕਾਰ ਨੂੰ ਲਿਖਤੀ ਸਿਫਾਰਿਸ਼ ਵੀ ਕਰ ਦਿੱਤੀ ਗਈ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਿਫ਼ਾਰਿਸ਼ਾਂ ਜਲਦ ਹੀ ਲਾਗੂ ਜਾਣਗੀਆਂ । ਗੁਰਦੁਆਰਾ ਜਨਮ ਅਸਥਾਨ ਚੂਨਾ ਮੰਡੀ ਲਾਹੌਰ ਵਿਖੇ ਇਸ ਮੌਕੇ ਇੱਕਤਰ ਹੋਈਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਓਕਾਫ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਨ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਜਿਹੜੇ ਵੀ ਸਿੱਖ ਪੜ੍ਹੇ ਲਿਖੇ ਹੋਣਗੇ, ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਪਾਕਿਸਤਾਨ ਸਰਕਾਰ ਅਤੇ ਓਕਾਫ ਬੋਰਡ ਪੂਰੀ ਤਰਾਂ ਵਚਨਬੱਧ ਹਨ। ਵਰਨਣਯੋਗ ਹੈ ਕਿ ਜਿਥੇ ਇੱਕ ਪਾਸੇ ਭਾਰਤ ਅੰਦਰ ਸਿੱਖ ਧਰਮ ਦੀ ਹੋਂਦ 'ਤੇ ਹੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਭਾਰਤ ਦੇ ਕੱਟੜ ਦੁਸ਼ਮਣ ਸਮਝੇ ਜਾਂਦੇ ਮੁਲਕ ਪਾਕਿਸਤਾਨ ਵਿੱਚ ਸਰਕਾਰੀ ਨੌਕਰੀਆਂ ਅੰਦਰ ਸਿੱਖਾਂ ਨੂੰ ਵਿਸੇਸ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ।
ਇਥੇ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀਂ ਭਾਰਤ ਦੀ ਸੁਪਰੀਮ ਕੋਰਟ ਦੇ ਜੱਜਾਂ ਨੇ ਇੱਕ ਮਾਮਲੇ ਵਿੱਚ ਇਥੋਂ ਤੱਕ ਸਵਾਲ ਕਰ ਦਿੱਤਾ ਸੀ ਕਿ, ਕੀ ਸਿੱਖਾਂ ਲਈ ਦਸਤਾਰ ਜਰੂਰੀ ਹੈ? ਕੀ ਦਸਤਾਰ ਸਿੱਖੀ ਦਾ ਹਿੱਸਾ ਹੈ ਜਾਂ ਨਹੀਂ ? ਜਿਸ ਨੂੰ ਲੈਕੇ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਵੀ ਇਸ 'ਤੇ ਨਾਰਾਜ਼ਗੀ ਜਾਹਰ ਕਰਦਿਆਂ ਇਸ ਨੂੰ ਸਿੱਖੀ ਦੀ ਹੋਂਦ 'ਤੇ ਹੀ ਸਵਾਲ ਖੜ੍ਹਾ ਕਰਨਾ ਕਰਾਰ ਦਿੱਤਾ ਗਿਆ ਸੀ । ਅਜਿਹੇ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਨੂੰ ਸਰਕਾਰੀ ਨੌਕਰੀਆਂ ਅੰਦਰ 10 ਪ੍ਰਤੀਸ਼ਤ ਰਾਖਵਾਂਕਰਨ ਦੇਣ ਦੀ ਖ਼ਬਰ ਸਿੱਖ ਭਾਈਚਾਰੇ ਲਈ ਠੰਡੀ ਹਵਾ ਦੇ ਕਿਸੇ ਬੁੱਲੇ ਤੋਂ ਘੱਟ ਨਹੀਂ ਹੈ।


