ਬਰਗਾੜੀ - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਮੰਗਾਂ ਦੀ ਪੂਰਨ ਪਰਾਪਤੀ ਲਈ ਦ੍ਰਿੜ ਸੰਕਲਪ ਚੱਲ ਰਿਹਾ ਇਨਸਾਫ ਮੋਰਚਾ ਪੁਰ ਅਮਨ ਤੇ ਸਾਂਤੀਪੂਰਨ ਢੰਗ ਨਾਲ 139 ਦਿਨ ਪਾਰ ਕਰ ਚੁੱਕਾ ਹੈ।ਮੋਰਚੇ ਵਿੱਚ ਮੁਸਲਿਮ ਸੰਘਰਸ਼ ਕਮੇਟੀ ਆਹਿਮਦਗੜ ਦੇ ਵਫਦ ਨੇ ਮੁਸਲਿਮ ਆਗੂ ਜਨਾਬ ਹਾਸ਼ਮ ਸੂਫ਼ੀ ਦੀ ਅਗਵਾਈ ਵਿੱਚ ਪਹੁੰਚ ਕੇ ਭਰਵੀਂ ਸਮੂਲੀਅਤ ਕੀਤੀ। ਮੋਰਚੇ ਦੀ ਸਟੇਜ ਤੋਂ ਮੁਸਲਿਮ ਆਗੂ ਸੂਫ਼ੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਧੀਆਂ, ਪੁੱਤਰ, ਮਾਂ, ਬਾਪ ਸਮੇਤ ਸਾਰੇ ਹੀ ਰਸਤਿਆਂ ਤੋਂ ਪਹਿਲਾਂ ਮਹਜਬ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਸਿੱਖ ਕੌਮ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਹ ਜਦੋਂ ਕਦੇ ਵੀ ਕਿਸੇ ਵੀ ਮੁਲਕ ਵਿੱਚ ਕਿਸੇ ਸਿੱਖ ਨਾਲ ਜਿਆਦਤੀ ਹੁੰਦੀ ਹੈ ਤਾਂ ਪੰਜਾਬ ਵਿੱਚ ਵਸਦਾ ਸਿੱਖ ਭਾਈਚਾਰਾ ਸੜਕਾਂ ਤੇ ਆ ਜਾਂਦਾ ਹੈ,ਜਦੋਂਕਿ ਸਾਡੀ ਗਿਣਤੀ ਇਕੱਲੇ ਭਾਰਤ ਵਿੱਚ 25ਕਰੋੜ ਹੋਣ ਦੇ ਬਾਵਜੂਦ ਵੀ ਅਸੀਂ ਮਾਰ ਖਾ ਰਹੇ ਹਾਂ, ਕਿਉਂਕਿ ਸਾਡੇ ਨੇਤਾ ਅਪਣੇ ਆਵਾਮ ਲਈ ਅਵਾਜ਼ ਬੁਲੰਦ ਨਹੀਂ ਕਰਦੇ। ਉਨ੍ਹਾ ਕਿਹਾ ਕਿ ਜਿੱਥੇ ਸਾਨੂੰ ਆਪਣੇ ਧਰਮ ਤੋਂ ਜਾਨ ਕੁਰਬਾਨ ਕਰ ਦੇਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ, ਉੱਥੇ ਮੈਂ ਸਿੱਖ ਭਾਈਚਾਰੇ ਦੀਆਂ ਸਮੂਹ ਬੀਬੀਆਂ ਭੈਣਾਂ ਨੂੰ ਇਹ ਅਪੀਲ ਕਰਾਂਗਾ ਕਿ ਉਹ ਆਪਣੇ ਘਰ ਵਿੱਚ ਪੈਦਾ ਹੋਣ ਵਾਲੇ ਧੀਆਂ ਪੁੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰਾਂ ਦੀ ਲਾਸਾਨੀ ਸ਼ਹਾਦਤ ਵਾਲੇ ਇਤਿਹਾਸ ਤੋਂ ਜਾਣੂੰ ਕਰਵਾਉਣ ਤਾਂ ਕਿ ਉਹ ਵੱਡੇ ਹੋ ਕੇ ਆਪਣੇ ਧਰਮ ਤੋਂ ਜਾਨ ਨਿਛਾਵਰ ਕਰਨ ਤੋਂ ਪਿੱਛੇ ਨਾ ਹਟਣ।
ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਹਮੇਸ਼ਾ ਹੀ ਜਬਰ ਜੁਲਮ ਦੇ ਖਿਲਾਫ਼ ਸਿੱਖਾਂ ਦੇ ਹੱਕ ਵਿੱਚ ਖੜਦਾ ਰਿਹਾ ਹੈ, ਤੇ ਅਸੀਂ ਵੀ ਜਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਕੁਰਬਾਨੀਆਂ ਕੀਤੀਆਂ, ਅਸੀਂ ਵੀ ਆਪਣੇ ਸਿੱਖ ਭਰਾਵਾਂ ਦੇ ਨਾਲ ਇਨਸਾਫ਼ ਦੀ ਲੜਾਈ ਵਿੱਚ ਡਟ ਕੇ ਸਾਥ ਦੇਵਾਂਗੇ। ਇਸ ਮੌਕੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਪਿੰਡ ਪਿੰਡ ਵਿੱਚ21 ਮੈਂਬਰੀ ਇਨਸਾਫ਼ ਕਮੇਟੀਆਂ ਬਣ ਰਹੀਆਂ ਹਨ,ਜਿਹੜੇ ਪਿੰਡਾਂ ਵਿੱਚ ਅਜੇ ਕਮੇਟੀਆਂ ਦੀ ਸ਼ੁਰੂਆਤ ਨਹੀਂ ਹੋਈ ਉਹ ਪਿੰਡ ਜਲਦੀ ਤੋਂ ਜਲਦੀ ਇਨਸਾਫ਼ ਕਮੇਟੀਆਂ ਬਣਾ ਕੇ ਸੂਚੀਆ ਸਾਡੇ ਮੋਰਚੇ ਵਿੱਚ ਜਮਾਂ ਕਰਵਾ ਦੇਣ ਤਾਂ ਕਿ ਇਨਸਾਫ਼ ਲੈਣ ਲਈ ਸਰਕਾਰ ਤੇ ਦਬਾਅ ਵਧਾਇਆ ਜਾ ਸਕੇ।


