ਅੰਮ੍ਰਿਤਸਰ - ਰੇਲ ਰਾਜ ਮੰਤਰੀ ਦੇ ਦੌਰੇ ਤੋਂ ਬਾਅਦ ਉੱਤਰੀ ਰੇਲਵੇ ਵਿਭਾਗ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਰੇਲਵੇ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਕਰਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸੇ ਦੌਰਾਨ ਜੀਆਰਪੀ ਨੇ ਰੇਲ ਲਾਈਨਾਂ ਗ਼ੈਰ ਕਾਨੂੰਨੀ ਢੰਗ ਨਾਲ ਪਾਰ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਵਿਵੇਕ ਕੁਮਾਰ ਨੇ ਆਖਿਆ ਕਿ ਰੇਲ ਵਿਭਾਗ ਵੱਲੋਂ ਹਾਦਸੇ ਦੀ ਕੋਈ ਜਾਂਚ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਆਖਿਆ ਕਿ ਬੀਤੀ ਰਾਤ ਵੱਡੀ ਗਿਣਤੀ ਵਿੱਚ ਲੋਕ ਰੇਲ ਪੱਟੜੀਆਂ ’ਤੇ ਖੜ੍ਹੇ ਸਨ, ਜੋ ਕਿ ਗੈਰ ਕਾਨੂੰਨੀ ਢੰਗ ਨਾਲ ਰੇਲਵੇ ਪਟੜੀਆਂ ਨੂੰ ਪਾਰ ਕਰਨ ਦਾ ਮਾਮਲਾ ਹੈ। ਡੀਐੱਮਯੂ ਰੇਲ ਗੱਡੀ ਦੇ ਡਰਾਈਵਰ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਡਰਾਈਵਰ ਦਾ ਕੋਈ ਦੋਸ਼ ਨਹੀਂ ਹੈ। ਡਰਾਈਵਰ ਨੇ ਜਦੋਂ ਰੇਲ ਪੱਟੜੀ ’ਤੇ ਲੋਕਾਂ ਦੀ ਭੀੜ ਦੇਖੀ ਤਾਂ ਉਸ ਨੇ ਰੇਲ ਗੱਡੀ ਦੀ ਬਰੇਕ ਲਾਈ, ਜਿਸ ਨਾਲ ਉਸ ਦੀ ਰਫ਼ਤਾਰ ਘੱਟ ਕੇ 68 ਕਿਲੋਮੀਟਰ ਪ੍ਰਤੀ ਘੰਟਾ ਆ ਗਈ ਸੀ ਪਰ ਇਸ ਦੌਰਾਨ ਉਹ ਇਸ ਰੇਲ ਹਾਦਸੇ ਨੂੰ ਵਾਪਰਨ ਤੋਂ ਰੋਕਣ ਵਿੱਚ ਅਸਮਰਥ ਸੀ।
ਰੇਲ ਅਧਿਕਾਰੀਆਂ ਨੇ ਮੀਡੀਆ ਵੱਲੋਂ ਪੁੱਛੇ ਜਾਣ ‘ਤੇ ਵੀ ਰੇਲ ਗੱਡੀ ਦੇ ਚਾਲਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਜੌੜਾ ਫਾਟਕ ਬੰਦ ਕਰਨ ਵਾਲਾ ਕਰਮਚਾਰੀ ਵੀ ਅੱਜ ਗ਼ੈਰ-ਹਾਜ਼ਰ ਸੀ।
ਇਸੇ ਦੌਰਾਨ ਜੀਆਰਪੀ ਦੇ ਐੱਸਐੱਚਓ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਗੋਲਡਨ ਐਵੇਨਿਊ ਪੁਲੀਸ ਚੌਕੀ ਦੇ ਇੰਚਾਰਜ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਰੇਲ ਪਟੜੀਆਂ ਤੇ ਆਉਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਬੀਤੇ ਕੱਲ ਵਾਪਰੇ ਰੇਲ ਹਾਦਸੇ ਤੋਂ ਬਾਅਦ ਅੱਜ ਇਥੇ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਪੁਲੀਸ ਛਾਉਣੀ ਵਿਚ ਤਬਦੀਲ ਹੋਇਆ ਸੀ। ਰੇਲ ਰਾਜ ਮੰਤਰੀ ਮਨੋਜ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਜਿਸ ਰੇਲ ਗੱਡੀ ਹੇਠਾਂ ਆਉਣ ਕਾਰਨ ਲੋਕਾਂ ਦੀ ਮੌਤ ਹੋਈ ਹੈ, ਉਸ ਦੇ ਡਰਾਈਵਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਸੇ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਰੇਲਵੇ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਥਾਂ ’ਤੇ ਦਸਹਿਰੇ ਦਾ ਸਮਾਗਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ’ਤੇ ਇਹ ਹਾਦਸਾ ਵਾਪਰਿਆ ਉਹ ਅੰਮ੍ਰਿਤਸਰ ਤੇ ਮਾਨਾਂਵਾਲਾ ਵਿਚਾਲੇ ਪੈਂਦੀ ਹੈ ਤੇ ਇੱਥੇ ਰੇਲ ਗੱਡੀ ਆਪਣੀ ਰਫ਼ਤਾਰ ਨਾਲ ਜਾ ਰਹੀ ਸੀ ਤੇ ਲੋਕਾਂ ਨੂੰ ਇਸ ਦਾ ਪਤਾ ਨਾ ਲੱਗ ਸਕਿਆ। ਇੱਥੇ ਰੇਲਵੇ ਫਾਟਕਾਂ ਤੋਂ 400 ਮੀਟਰ ਦੂਰ ਰੇਲਵੇ ਦਾ ਸਟਾਫ ਤਾਇਨਾਤ ਸੀ ਜਿਸ ਦੀ ਜ਼ਿੰਮੇਵਾਰੀ ਆਵਾਜਾਈ ਨੂੰ ਕੰਟਰੋਲ ਕਰਨਾ ਸੀ ਅਤੇ ਜੇਕਰ ਡਰਾਈਵਰ ਰੇਲ ਦੀ ਐਮਰਜੈਂਸੀ ਬਰੇਕ ਲਗਾ ਵੀ ਦਿੰਦਾ ਤਾਂ ਇਸ ਤੋਂ ਵੀ ਵੱਡਾ ਹਾਦਸਾ ਹੋ ਸਕਦਾ ਸੀ।


