ਅੰਮ੍ਰਿਤਸਰ: ਟਕਸਾਲੀ ਅਕਾਲੀ ਆਗੂਆਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਬਾਦਲ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਪ੍ਰਧਾਨਗੀ ਛੱਡਣ ਲਈ ਕਹੇਗੀ ਤਾਂ ਉਹ ਅਹੁਦਾ ਛੱਡਣ ਲਈ ਤਿਆਰ ਹਨ। ਟਕਸਾਲੀ ਆਗੂਆਂ ਬਾਰੇ ਵੀ ਬਾਦਲ ਨੇ ਕੋਈ ਤਿੱਖੀ ਬਿਆਨਬਾਜ਼ੀ ਨਾ ਕਰਦਿਆਂ ਆਪਣੇ ਸੁਰ ਨਰਮ ਹੀ ਰੱਖੇ।
ਸੀਨੀਅਰ ਅਕਾਲੀ ਲੀਡਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਗ਼ਾਵਤ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਟਕਸਾਲੀ ਅਕਾਲੀ ਉਨ੍ਹਾਂ ਲਈ ਸਤਿਕਾਰਯੋਗ ਹਨ ਅਤੇ ਜੇਕਰ ਉਨ੍ਹਾਂ ਦੀ ਲੀਡਰਸ਼ਿਪ 'ਤੇ ਕਿਸੇ ਨੂੰ ਇਤਰਾਜ਼ ਹੈ ਤਾਂ ਪਾਰਟੀ ਦੇ ਕਹਿਣ 'ਤੇ ਉਹ ਪਾਰਟੀ ਦੀ ਪ੍ਰਧਾਨਗੀ ਛੱਡਣ ਲਈ ਤਿਆਰ ਹਨ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਉਨ੍ਹਾਂ ਖ਼ਿਲਾਫ ਕੀਤੀ ਜਾ ਰਹੀ ਤਿੱਖੀ ਬਿਆਨਬਾਜ਼ੀ 'ਤੇ ਬਾਦਲ ਨੇ ਕਿਹਾ ਕਿ ਸਿੱਧੂ ਹੰਕਾਰਿਆ ਇਨਸਾਨ ਹੈ ਅਤੇ ਉਸ ਦੀ ਕਿਸੇ ਮੈਂ ਕਰਕੇ ਹੀ ਇਹ ਹਾਦਸਾ ਹੋਇਆ ਹੈ, ਇਸ ਲਈ ਨਵਜੋਤ ਸਿੰਘ ਸਿੱਧੂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਉਨ੍ਹਾਂ ਕਿਹਾ ਕਿ ਰੇਲ ਹਾਦਸੇ ਦੇ ਪੀੜਤਾਂ ਲਈ ਅਕਾਲੀ ਦਲ ਲੜਾਈ ਜਾਰੀ ਰੱਖੇਗਾ।
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ ਸਨ ਅਤੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰੀ ਅਜਿਹੀ ਪ੍ਰਤੀਕਿਰਿਆ ਆਈ ਹੈ ਜਿਸ ਵਿਚ ਉਨ੍ਹਾਂ ਨੇ ਇਹ ਅਹੁਦਾ ਤਿਆਗਣ ਦੀ ਗੱਲ ਆਖੀ ਹੈ। ਬਾਦਲ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਵਿੱਚ ਹਲਚਲ ਤੇਜ਼ ਹੋ ਸਕਦੀ ਹੈ।


