ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਵੱਲੋਂ ਦਸ ਸਾਲ ਦੇ ਰਾਜ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਵਾਸਤੇ ਰਖਵਾਏ ਗਏ ਅਖੰਡ ਪਾਠ ਨੂੰ ਪਾਰਟੀ ਤੋਂ ਵੱਖ ਹੋਏ ਟਕਸਾਲੀ ਆਗੂਆਂ ਨੇ ਸਿੱਖ ਕੌਮ ਦੀਆਂ ਅੱਖਾਂ ’ਚ ਘੱਟਾ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ ਅਤੇ ਆਖਿਆ ਕਿ ਬਾਦਲ ਪਰਿਵਾਰ ਦਾ ਗੁਨਾਹ ਨਾ ਮੁਆਫ਼ੀ ਯੋਗ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚੋਂ ਫਾਰਗ ਕੀਤੇ ਗਏ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਗੁਨਾਹ ਨਾ ਮੁਆਫ਼ੀਯੋਗ ਹਨ ਕਿਉਂਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਨੂੰ ਵੰਗਾਰ ਕੇ ਡੇਰਾ ਸਿਰਸਾ ਦੇ ਮੁਖੀ ਨਾਲ ਸਾਂਝ ਪਾਈ ਸੀ। ਉਨ੍ਹਾਂ ਆਖਿਆ ਕਿ ਅਰਦਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲੋਂ ਭੁੱਲਾਂ ਹੋਣ ਦਾ ਜ਼ਿਕਰ ਕਰਨਾ ਉਚਿਤ ਨਹੀਂ ਹੈ ਕਿਉਂਕਿ ਗਲਤੀਆਂ ਪਾਰਟੀ ਕੋਲੋਂ ਨਹੀਂ ਸਗੋਂ ਇਕ ਪਰਿਵਾਰ ਕੋਲੋਂ ਹੋਈਆਂ ਹਨ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਸੁਝਾਅ ਦਿੱਤਾ ਕਿ ਉਹ ਅਜਿਹੀ ਕਾਰਵਾਈ ਨਾਲ ਪਾਰਟੀ ਦੀ ਹੋਰ ਬਦਨਾਮੀ ਨਾ ਕਰਾਉਣ ਅਤੇ ਪ੍ਰਧਾਨਗੀ ਦਾ ਅਹੁਦਾ ਛੱਡ ਕੇ ਪਿੱਛੇ ਹਟ ਜਾਣ।
ਇਸੇ ਤਰ੍ਹਾਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ ਆਖਿਆ ਕਿ ਲਾਮ-ਲਸ਼ਕਰ ਲੈ ਕੇ ਮੁਆਫ਼ੀ ਮੰਗਣ ਆਉਣਾ ਨਿਮਾਣੇ ਸਿੱਖ ਵਜੋਂ ਮੁਆਫ਼ੀ ਮੰਗਣਾ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਹੁਣ ਮਜਬੂਰੀ ਵਸ ਮੁਆਫ਼ੀ ਮੰਗਣ ਆਏ ਹਨ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਸਿੱਧੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਲਈ ਦਿੱਤੇ ਗਏ ਸੱਦੇ ਬਾਰੇ ਸ੍ਰੀ ਸੇਖਵਾਂ ਨੇ ਆਖਿਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਪਾਰਟੀ ਅਹੁਦਿਆਂ ਤੋਂ ਪਿਛਾਂਹ ਹਟਦੇ ਹਨ ਤਾਂ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਜਦਕਿ ਸ੍ਰੀ ਬ੍ਰਹਮਪੁਰਾ ਨੇ ਆਖਿਆ ਕਿ ਹੁਣ ਇਸ ਮਾਮਲੇ ਵਿੱਚ ਦੇਰ ਹੋ ਚੁੱਕੀ ਹੈ। ਉਹ 16 ਦਸੰਬਰ ਨੂੰ ਆਪਣੀ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕਰਨਗੇ। ਇਸ ਦੌਰਾਨ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਕਾਰਵਾਈ ਬਾਰੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਤੇ ਪੁੱਜ ਕੇ ਅਣਪਛਾਤੇ ਗੁਨਾਹਾਂ ਦਾ ਪਸ਼ਚਾਤਾਪ ਸਿਰਫ ਸਾਖ ਬਹਾਲ ਕਰਨ ਵਾਸਤੇ ਕੀਤੀ ਕਾਰਵਾਈ ਹੈ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਵਿੱਚ ਇਨਸਾਨੀਅਤ ਹੈ ਤਾਂ ਉਹ ਅਕਾਲ ਤਖ਼ਤ ਅੱਗੇ ਆਪਣੇ ਗੁਨਾਹਾਂ ਦੀ ਸੂਚੀ ਸੌਂਪਣ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਗਲਤੀਆਂ ਅਤੇ ਪਾਪ ਦੋ ਵੱਖ ਵੱਖ ਵਿਸ਼ੇ ਹਨ। ਪਾਪਾਂ ਨੂੰ ਗਲਤੀਆਂ ਕਹਿਣਾ ਉਚਿਤ ਨਹੀਂ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਗਲਤੀਆਂ ਮੰਨੀਆਂ ਹਨ ਤਾਂ ਫਿਰ ਖੁੱਲ ਕੇ ਇਨ੍ਹਾਂ ਗਲਤੀਆਂ ਦਾ ਖੁਲਾਸਾ ਕਰੇ ਅਤੇ ਅਹੁਦੇ ਛੱਡੇ। ਇਸੇ ਤਰ੍ਹਾਂ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਹੁਣ ਜਦੋਂ ਬਾਦਲਾਂ ਨੇ ਗਲਤੀ ਮੰਨ ਲਈ ਹੈ ਤਾਂ ਫਿਰ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ ਕਿਉਂਕਿ ਹੁਣ ਤਕ ਉਹ ਇਹੀ ਕਹਿੰਦੇ ਆਏ ਹਨ ਕਿ ਉਨ੍ਹਾਂ ਕੋਲੋਂ ਕੋਈ ਗਲਤੀ ਨਹੀਂ ਹੋਈ।
ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਮੁੱਚੀ ਪਾਰਟੀ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਪਹੁੰਚ ਕੇ ਭੁੱਲਾਂ ਬਖ਼ਸ਼ਾਉਣ ਲਈ ਕੀਤੀ ਅਰਦਾਸ ਮਗਰੋਂ ਨਿਮਾਣੇ ਸੇਵਕ ਵਜੋਂ ਸੇਵਾ ਕਰਨਾ ਸ਼ਲਾਘਾਯੋਗ ਹੈ। ਉਹ ਵੀ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਲੀਕੇ ਪ੍ਰੋਗਰਾਮ ’ਚ ਸ਼ਾਮਿਲ ਹੋਣ ਲਈ ਇੱਥੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਪੁਰਾਤਨ ਪ੍ਰੰਪਰਾਵਾਂ ਤਹਿਤ ਇਕ ਨਿਮਾਣੇ ਸੇਵਕ ਵਜੋਂ ਭੁੱਲ ਬਖਸ਼ਾਉਣ ਨੂੰ ਲੈ ਕੇ ਸੇਵਾ ਨਿਭਾਈ ਹੈ। ਇਸ ਨਾਲ ਅਕਾਲੀ ਦਲ ਦਾ ਮਨੋਬਲ ਉੱਚਾ ਹੋਵੇਗਾ ਅਤੇ ਅਕਾਲੀ ਦਲ ਬਾਰੇ ਗੁਰੂ ਸਾਹਿਬ ਨੂੰ ਪਿੱਠ ਦਿਖਾਉਣ ਦੇ ਕੀਤੇ ਪ੍ਰਚਾਰ ਨੂੰ ਲਗਾਮ ਲੱਗੇਗੀ।


