ਚੰਡੀਗੜ੍ਹ - ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਹੁਣ 30 ਸਤੰਬਰ, 2019 ਤੱਕ ਡੀਜੀਪੀ ਦੇ ਅਹੁਦੇ ‘ਤੇ ਕਾਇਮ ਰਹਿਣਗੇ। ਉਨ੍ਹਾਂ ਦਾ ਕਾਰਜਕਾਲ ਆਉਂਦੀ 31 ਜਨਵਰੀ ਨੂੰ ਖ਼ਤਮ ਹੋ ਰਿਹਾ ਸੀ ਪਰ ਹੁਣ ਉਹ ਅਗਲੇ 9 ਮਹੀਨੇ ਹੋਰ ਇਸੇ ਅਹੁਦੇ ‘ਤੇ ਬਰਕਰਾਰ ਰਹਿ ਸਕਣਗੇ। ਇਹ ਜਾਣਕਾਰੀ ਕੇਂਦਰੀ ਪਰਸੋਨਲ ਮੰਤਰਾਲੇ ਵੱਲੋਂ ਦਿੱਲੀ ਤੋਂ ਜਾਰੀ ਆਪਣੇ ਇੱਕ ਹੁਕਮ ਰਾਹੀਂ ਦਿੱਤੀ ਗਈ ਹੈ।
ਇਹ ਐਲਾਨ ਅਜਿਹੇ ਵੇਲੇ ਆਇਆ ਹੈ, ਜਦੋਂ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਮੇਤ ਪੰਜ ਰਾਜਾਂ ਦੀ ਉਹ ਦਲੀਲ ਮੁੱਢੋਂ ਰੱਦ ਕਰ ਦਿੱਤੀ ਸੀ; ਜਿਸ ਵਿੱਚ ਕਿਹਾ ਗਿਆ ਸੀ ਕਿ ਸੂਬੇ ਦੇ ਡੀਜੀਪੀ ਦੀ ਨਿਯੁਕਤੀ ਯੂਪੀਐੱਸਸੀ ਨੂੰ ਨਹੀਂ, ਸਗੋਂ ਰਾਜ ਸਰਕਾਰਾਂ ਨੂੰ ਹੀ ਕਰਨ ਦੇਣੀ ਚਾਹੀਦੀ ਹੈ।
1982 ਬੈਚ ਦੇ ਆਈਪੀਐੱਸ ਅਧਿਕਾਰੀ ਸ੍ਰੀ ਸੁਰੇਸ਼ ਅਰੋੜਾ ਦੇ ਕਾਰਜਕਾਲ ਨੂੰ ਪਿਛਲੇ ਵਰ੍ਹੇ ਤਿੰਨ ਮਹੀਨਿਆਂ ਲਈ ਵਧਾਇਆ ਗਿਆ ਸੀ। ਤੇ ਹੁਣ ਕੈਬਿਨੇਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਉਨ੍ਹਾਂ ਦਾ ਕਾਰਜਕਾਲ ਉਨ੍ਹਾਂ ਦੀ ਸੇਵਾ–ਮੁਕਤੀ ਦੇ ਨਿਰਧਾਰਤ ਸਮੇਂ (30 ਸਤੰਬਰ, 2018) ਤੋਂ 12 ਮਹੀਨਿਆਂ ਲਈ ਵਧਾ ਦਿੱਤਾ ਹੈ ਤੇ ਉਹ ਹੁਣ 30 ਸਤੰਬਰ, 2019 ਨੂੰ ਸੇਵਾ–ਮੁਕਤ ਹੋਣਗੇ। ਸ੍ਰੀ ਸੁਰੇਸ਼ ਅਰੋੜਾ ਨੂੰ ਪਿਛਲੀ ਸ਼੍ਰੋਮਣੀ ਅਕਾਲੀ ਦਲ–ਭਾਰਤੀ ਜਨਤਾ ਪਾਰਟੀ ਸਰਕਾਰ ਨੇ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਸੀ।


