ਪਟਿਆਲਾ - ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਇਕ ਵਿਸੇਸ਼ ਮੁਲਾਕਾਤ 'ਚ ਆਖਿਆ ਕਿ ਪੰਜਾਬ ਨੂੰ ੂ ਸਾਰੀਆਂ ਹੀ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਨੇ ਇਸ ਜਗ੍ਹਾ 'ਤੇ ਖੜਾ ਕਰ ਦਿੱਤਾ ਹੈ ਕਿ ਇਸ ਨੂੰ ਮੁੜ ਪੈਰਾਂ ਸਿਰ ਕਰਨ ਲਈ ਵੱਡੀ ਜੱਦੋ ਜਹਿਦ ਕਰਨੀ ਹੋਵੇਗੀ | ਉਨ੍ਹਾਂ ਆਖਿਆ ਕਿ ਸਬੂੇ ਦੀ ਵਿੱਤੀ ਹਾਲਤ ਕੀ ਹੈ ਤੇ ਇਹ ਕਿੱਥੇ ਖੜਾ ਹੈ, ਇਸ ਬਾਰੇ ਸਿਆਸੀ ਪਾਰਟੀਆਂ ਨੇ ਕਦੇ ਵੀ ਨਹੀਂ ਸੋਚਿਆ | ਸ. ਢੀਂਡਸਾ ਨੇ ਆਖਿਆ ਕਿ ਅੱਜ ਪੰਜਾਬ ਉੱਪਰ ਵੱਡੀ ਪੱਧਰ 'ਤੇ ਕਰਜ਼ਾ ਚੜਿ੍ਹਆ ਹੋਇਆ ਹੈ, ਰਾਜ ਅੰਦਰ ਨਸ਼ਾ ਜਿਉਂ ਦੀ ਤਿਉਂ ਹੈ, ਇਸ ਲਈ ਦਾਅਵੇ ਕੁਝ ਵੀ ਹੋਣ, ਪਰ ਪੰਜਾਬ ਨੂੰ ਇਸ ਸਥਿਤੀ ਤੱਕ ਲਿਜਾਣ ਲਈ ਸਾਰੀਆਂ ਪਾਰਟੀਆਂ ਜਿੰਮੇਵਾਰ ਹਨ | ਉਨ੍ਹਾਂ ਆਖਿਆ ਕਿ ਪੰਜਾਬ ਨੂੰ ਸੰਭਾਲਣ ਦੀ ਥਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਗਾਲਾਂ ਕੱਢਣ 'ਤੇ ਲੱਗੀਆਂ ਹੋਈਆਂ ਹਨ | ਪੰਜਾਬ ਦੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਅੱਗੇ ਲਿਜਾਣਾ ਇਨ੍ਹਾਂ ਦਾ ਏਜੰਡਾ ਹੀ ਨਹੀਂ | ਉਨ੍ਹਾਂ ਇਸ ਗੱਲ 'ਤੇ ਸਹਿਮਤੀ ਦਿੱਤੀ ਕਿ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਸੰਵਿਧਾਨਕ ਹੋਣ ਅਤੇ ਸਿਆਸੀ ਧਿਰ ਉਸ ਨੂੰ ਲਾਗੂ ਕਰਨ ਲਈ ਪਾਬੰਦ ਹੋਣ, ਤਾਂ ਜੋ ਕੋਈ ਵੀ ਸਿਆਸੀ ਪਾਰਟੀ ਦਾਇਰੇ 'ਚ ਰਹਿ ਕੇ ਹੀ ਚੋਣ ਮਨੋਰਥ ਪੱਤਰ ਜਾਰੀ ਕਰਨ | ਉਨ੍ਹਾਂ ਆਖਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨਸ਼ੇ ਨੂੰ ਹੀ ਮੁੱਖ ਮੁੱਦਾ ਬਣਾ ਕੇ ਸੱਤਾ 'ਚ ਆਈ ਸੀ | ਪਰ ਹੁਣ ਤਾਂ ਪਾਰਟੀ ਦੇ ਆਪਣੇ ਹੀ ਵਿਧਾਇਕ ਨਸ਼ੇ ਦਾ ਮੁੱਦਾ ਉਠਾ ਰਹੇ ਹਨ | ਜੇ ਹਾਲੇ ਵੀ ਨਸ਼ਾ ਵਿਕ ਰਿਹਾ ਹੈ ਤਾਂ ਸਰਕਾਰ ਇਸ ਲਈ ਜਵਾਬਦੇਹ ਹੈ |


