ਫ਼ਤਹਿਗੜ੍ਹ ਸਾਹਿਬ - ਅਕਾਲੀ ਦਲ (ਬਾਦਲ) ਦੀ ਹੋਂਦ ਨੂੰ ਬਚਾਉਣ ਲਈ ਇਸ ਨੂੰ ਪਰਿਵਾਰਵਾਦ ਤੋਂ ਮੁਕਤ ਕਰ ਕੇ ਰੁੱਸੇ ਹੋਏ ਅਕਾਲੀ ਧੜਿਆਂ- ਟਕਸਾਲੀ ਅਕਾਲੀ, ਟੌਹੜਾ ਸਮਰਥਕ, ਮਾਨ, ਲੌਂਗੋਵਾਲ ਆਦਿ ਨੂੰ ਪੰਥਕ ਹਿਤਾਂ ਲਈ ਵੱਡਾ ਜਿਗਰਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਟੇਜ ’ਤੇ ਇਕੱਠਾ ਕਰਨਾ ਪਵੇਗਾ।
ਇਹ ਵਿਚਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪ੍ਰਗਟਾਏ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਦਾ ਕੋਈ ਨਿੱਜੀ ਗੁੱਸਾ ਨਹੀਂ ਤੇ ਉਹ ਸਿਰਫ਼ ਸਿੱਖ ਪੰਥ ਦੇ ਸਿਧਾਂਤਾਂ ਦੀ ਗੱਲ ਕਰਦੇ ਹਨ। ਅਜਿਹੇ ਮੌਕੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਰੁੱਸੇ ਆਗੂਆਂ ਦੇ ਘਰ ਜਾ ਕੇ ਗਿਲੇ ਸ਼ਿਕਵੇ ਦੂਰ ਕਰਨੇ ਚਾਹੀਦੇ ਸਨ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਵਹਿਣ ਇਸੇ ਤਰਾਂ ਚਲਦਾ ਰਿਹਾ ਤਾਂ ਇਸ ਦਾ ਖ਼ਮਿਆਜ਼ਾ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਤਿੱਖੇ ਤੇਵਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰਵਾਦ ਦੀਆਂ ਹੱਦਾਂ ਵਿਚੋਂ ਬਾਹਰ ਕੱਢਣ ਦਾ ਸਮਾਂ ਆ ਚੁੱਕਾ ਹੈ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਨਾਰਾਜ਼ ਪੰਥ ਹਿਤੈਸ਼ੀ ਪਾਰਟੀ ਵਰਕਰ ਆਪਣੀ ਥਾਂ ਕਿਧਰੇ ਹੋਰ ਬਣਾ ਲੈਣਗੇ।
ਉਨ੍ਹਾਂ ਗਿਲਾ ਕੀਤਾ ਕਿ ਅਕਾਲੀ ਦਲ ਕੇਂਦਰ ਸਰਕਾਰ ਦੀ ਭਾਈਵਾਲ ਪਾਰਟੀ ਹੁੰਦੇ ਹੋਏ ਵੀ ਪੰਜਾਬ ਦੀਆਂ ਮੁੱਖ ਮੰਗਾ- ਚੰਡੀਗੜ੍ਹ ਪੰਜਾਬ ਵਿਚ ਸ਼ਾਮਲ ਕਰਨਾ, ਸੂਬੇ ਦੇ ਪਾਣੀ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣਾ ਆਦਿ ਨੂੰ ਮਨਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।


