ਸੰਗਰੂਰ - ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜੇ ਸ਼ੋ੍ਰਮਣੀ ਅਕਾਲੀ ਦਲ ਦੀ ਹੋਂਦ ਬਚਾਉਣੀ ਹੈ ਤਾਂ ਪਾਰਟੀ 'ਤੇ ਕਬਜ਼ਾ ਕਰੀ ਬੈਠੇ ਆਗੂ ਨੰੂ ਇਕ ਪਾਸੇ ਹੋ ਜਾਣਾ ਚਾਹੀਦਾ ਹੈ | ਅੱਜ ਇੱਥੇ 'ਗੱਲਬਾਤ ਕਰਦਿਆਂ ਸ: ਢੀਂਡਸਾ ਨੇ ਕਿਹਾ ਕਿ ਜੇ ਇਹ ਆਗੂ ਕੁੁਰਬਾਨੀ ਦੇਣ ਲਈ ਅੱਗੇ ਆਉਣ ਤਾਂ ਪਾਰਟੀ ਬਚ ਸਕਦੀ ਹੈ ਅਤੇ ਦੁਖੀ ਹੋ ਕੇ ਪਾਰਟੀ ਛੱਡਣ ਵਾਲੇ ਆਗੂ ਵੀ ਵਾਪਸ ਆ ਸਕਦੇ ਹਨ | ਜਦ ਸ: ਢੀਂਡਸਾ ਨੰੂ ਇਸ ਆਗੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਉਨ੍ਹਾਂ ਦਾ ਇਸ਼ਾਰਾ ਪਾਰਟੀ ਪ੍ਰਧਾਨ ਵੱਲ ਹੈ | ਉਨ੍ਹਾਂ ਕਿਹਾ ਕਿ ਅਜਿਹਾ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵੀ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੰੂ ਹੀ ਪਾਰਟੀ ਦਾ ਮੁੜ ਪ੍ਰਧਾਨ ਬਣ ਜਾਣਾ ਚਾਹੀਦਾ ਹੈ | ਲੋਕ ਸਭਾ ਚੋਣ ਲੜਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਨੰੂ ਲੋਕ ਸਭਾ ਚੋਣ ਨਾ ਲੜਨ ਬਾਰੇ ਕਹਿ ਦਿੱਤਾ ਹੈ ਕਿਉਂਕਿ ਪਾਰਟੀ ਦੇ ਹਾਲਾਤ ਠੀਕ ਨਹੀਂ ਹਨ |


