ਨਵੀਂ ਦਿੱਲੀ - ਸਾਡਾ ਨਹੁੰ ਮਾਸ ਦਾ ਰਿਸ਼ਤਾ ਹੈ ਇਸ ਕਰਕੇ ਛੋਟੇ ਮੋਟੇ ਮਤਭੇਦ ਇਸ ਰਿਸ਼ਤੇ ਨੂੰ ਤੋੜ ਨਹੀਂ ਸਕਦੇ। ਅਜਿਹਾ ਸੁਨੇਹਾ ਬੀਤੀ ਰਾਤ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਚਕਾਰ ਦਿੱਲੀ ਵਿਖੇ ਹੋਈ ਮੀਟਿੰਗ ਤੋਂ ਬਾਅਦ ਦਿੱਤਾ ਗਿਆ। ਭਾਵੇਂਕਿ ਮੀਟਿੰਗ ਤੋਂ ਬਾਅਦ ਮਤਭੇਦ ਖ਼ਤਮ ਕਰਨ ਦਾ ਜਿਹੜਾ ਦਾਅਵਾ ਕੀਤਾ ਗਿਆ ਉਹ ਇਹ ਗੱਲ ਕਹਿੰਦਾ ਜਾਪਦਾ ਹੈ ਕਿ ਬਾਦਲਕਿਆਂ ਨੇ ਪਹਿਲੀ ਤਨਖਾਹ ਤੇ ਹੀ ਕੰਮ ਕਰਨਾ ਮੰਨ ਲਿਆ ਹੈ। ਭਾਜਪਾ ਵਲੋਂ ਸਿੱਖ ਮੁੱਦਿਆਂ 'ਚ ਰਾਸ਼ਟਰੀ ਸਿੱਖ ਸੰਗਤ ਵਲੋਂ ਦਖ਼ਲ ਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ ਅਤੇ ਹਜ਼ੂਰੀ ਸਾਹਿਬ ਅਬਚਲ ਨਗਰ ਸਾਹਿਬ ਬੋਰਡ ਨਾਂਦੇੜ ਐਕਟ 1955 ਦੀ ਧਾਰਾ 11 ਵਿਚ ਸੋਧ ਨੂੰ ਵਾਪਸ ਲੈਣ ਦਾ ਵੀ ਵਾਅਦਾ ਕੀਤਾ ਗਿਆ ਹੈ।
ਜਿਸ ਦਾ ਬਾਦਲ ਦਲ ਵਲੋਂ ਇਹ ਆਖ ਕੇ ਵਿਰੋਧ ਕੀਤਾ ਜਾ ਰਿਹਾ ਸੀ ਕਿ ਮਹਾਂਰਾਸ਼ਟਰ ਸਰਕਾਰ ਸਿੱਖਾਂ ਦੇ ਪੰਜਵੇਂ ਤਖ਼ਤ ਦੇ ਪ੍ਰਬੰਧ ਨੂੰ ਸਿੱਧਾ ਆਪਣੇ ਕਬਜ਼ੇ ਵਿਚ ਲੈਣਾ ਚਾਹੁੰਦੀ ਹੈ। ਅਕਾਲੀ ਦਲ ਦਲ ਵਲੋਂ ਭਲਕੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੱਦੀ ਹੋਈ ਹੈ। ਸੂਤਰਾਂ ਅਨੁਸਾਰ ਅਕਾਲੀ ਦਲ ਤੇ ਭਾਜਪਾ ਦੇ ਦੋਵਾਂ ਪ੍ਰਧਾਨਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਦਖਲ ਨੂੰ ਲੈ ਕੇ ਤੇ ਰਾਸ਼ਟਰੀ ਸਿੱਖ ਸੰਗਤ ਵਲੋਂ ਸਿੱਖ ਮੁੱਦਿਆਂ ਵਿਚ ਦਖ਼ਲ ਨੂੰ ਲੈ ਕੇ ਸ਼ੰਕੇ ਨਿਬੇੜ ਲਏ ਹਨ। ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਦੋਵਾਂ ਪਾਰਟੀਆਂ ਦੀ ਇਕ ਸਾਂਝੀ ਮੀਟਿੰਗ ਲੋਕ ਸਭਾ ਚੋਣਾਂ ਨੂੰ ਲੈਕੇ ਛੇਤੀ ਹੀ ਬੁਲਾਈ ਜਾਵੇਗੀ।


