ਜਲੰਧਰ - ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸਾਬਕਾ ਵਿਧਾਇਕ ਬੀਰ ਦੇਵਿੰਦਰ ਸਿੰਘ ਅੱਜ ਰਸਮੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋ ਗਏ। ਅੱਜ ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਸ੍ਰੀ ਬੀਰ ਦੇਵਿੰਦਰ ਸਿੰਘ ਦਾ ਸੁਆਗਤ ਕਰਨ ਲਈ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਮੌਜੂਦ ਸਨ।
ਸ੍ਰੀ ਬੀਰ ਦੇਵਿੰਦਰ ਸਿੰਘ ਬਾਰੇ ਮਸ਼ਹੂਰ ਹੈ ਕਿ ਜੋ ਉਨ੍ਹਾਂ ਦੇ ਦਿਲ ਵਿੱਚ ਹੈ, ਉਹੀ ਉਨ੍ਹਾਂ ਦੇ ਜ਼ੁਬਾਨ ’ਵੀ ਹੁੰਦਾ ਹੈ। ਇਸੇ ਲਈ ਬਹੁਤ ਸਾਰੇ ਆਗੂਆਂ ਨੂੰ ਉਹ ਚੰਗੇ ਨਹੀਂ ਲੱਗਦੇ। ਸ਼ਾਇਦ ਇਸੇ ਕਰਕੇ ਉਨ੍ਹਾਂ ਦੀ ਕਦੇ ਕੈਪਟਨ ਅਮਰਿੰਦਰ ਸਿੰਘ ਨਾਲ ਕਦੇ ਨਹੀਂ ਬਣੀ ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਣਾ ਪਿਆ।
ਉਨ੍ਹਾਂ ਨੇ 1967 ’ਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਦੇ ਨਾਲ ਸਿਆਸਤ ਵਿੱਚ ਪੈਰ ਧਰਿਆ ਸੀ। ਉਹ 1980 ਵਿੱਚ ਸਰਹਿੰਦ ਤੇ 2002 ਵਿੱਚ ਖਰੜ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਖ਼ਲਾਅ ਹੈ, ਜਿਸ ਨੂੰ ਪੂਰਨ ਲਈ ਉਹ ਟਕਸਾਲੀ ਦਲ ਵਿੱਚ ਸ਼ਾਮਲ ਹੋਏ ਹਨ।
ਸੂਤਰਾਂ ਦੀਆਂ ਕਨਸੋਆਂ ਕੁਝ ਅਜਿਹੀਆਂ ਵੀ ਹਨ ਕਿ ਸ੍ਰੀ ਬੀਰ ਦਵਿੰਦਰ ਸਿੰਘ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਹੋ ਸਕਦੇ ਹਨ।


