ਬਠਿੰਡਾ - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਧਮਕੀ ਦਿੱਤੀ ਹੈ ਕਿ ਜੇ ਮੌੜ ਬੰਬ ਧਮਾਕੇ ਦੇ ਮੁਲਜ਼ਮ ਆਉਂਦੀ 8 ਮਾਰਚ ਤੱਕ ਗ੍ਰਿਫ਼ਤਾਰ ਨਾ ਕੀਤੇ ਗਏ ਤੇ ਇਸੇ ਤਰੀਕ ਤੱਕ ਪੀੜਤ ਪਰਿਵਾਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਬਰਗਾੜੀ ਮੋਰਚੇ ਦੀ ਤਰਜ਼ ਉੱਤੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਜਾਵੇਗਾ।
31 ਜਨਵਰੀ, 2017 ਨੂੰ ਮੌੜ ਮੰਡੀ ’ਚ ਹੋਏ ਦੋ ਬੰਬ ਧਮਾਕਿਆਂ ਕਾਰਨ 5 ਬੱਚਿਆਂ ਸਮੇਤ ਸੱਤ ਵਿਅਕਤੀ ਮਾਰੇ ਗਏ ਸਨ। ਇਸ ਤੋਂ ਪਹਿਲਾਂ ਅਕਤੂਬਰ 2015 ਦੌਰਾਨ ਪੁਲਿਸ ਗੋਲੀਬਾਰੀ ਕਾਰਨ ਬਹਿਬਲ ਕਲਾਂ ਵਿਖੇ ਦੋ ਨਿਰਦੋਸ਼ ਮੁਜ਼ਾਹਰਾਕਾਰੀ ਮਾਰੇ ਗਏ ਸਨ; ਜਿਸ ਵਿਰੁੱਧ ਪਿਛਲੇ ਵਰ੍ਹੇ 1 ਜੂਨ ਨੂੰ ਬਰਗਾੜੀ ਵਿਖੇ ਮੋਰਚਾ ਲਾ ਕੇ ਵੱਡੇ ਪੱਧਰ ਉੱਤੇ ਰੋਸ ਮੁਜ਼ਾਹਰੇ ਕੀਤੇ ਗਏ ਸਨ।
ਇਨ੍ਹਾਂ ਦੋਵੇਂ ਘਟਨਾਵਾਂ ਦਾ ਚੇਤਾ ਅੱਜ ਉਸ ਵੇਲੇ ਫਿਰ ਆਇਆ, ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਨੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਕਿਹਾ ਕਿ ਮੌੜ ਬੰਬ ਧਮਾਕੇ ਦੇ ਪੀੜਤਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਸੀ। ਸ੍ਰੀ ਗੁਰਸੇਵਕ ਸਿੰਘ ਜਵਾਹਰਕੇ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਸਿਰਫ਼ ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਡੇਰਾ ਸੱਚਾ ਸੌਦਾ ਦੇ ਤਿੰਨ ਪ੍ਰੇਮੀਆਂ (ਸ਼ਰਧਾਲੂਆਂ) ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਿੱਥੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ, ਉੱਥੇ ਹਰੇਕ ਮ੍ਰਿਤਕ ਬੱਚੇ ਦੇ ਕਿਸੇ ਇੱਕ ਯੋਗ ਪਰਿਵਾਰਕ ਮੈਂਬਰ ਨੂੰ ਨੌਕਰੀ ਵੀ ਦੇਣੀ ਚਾਹੀਦੀ ਹੈ। ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 1–1 ਕਰੋੜ ਰੁਪਏ ਅਤੇ ਜ਼ਖ਼ਮੀ ਨੂੰ 10 ਲੱਖ ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਹੈ।
1 ਜਨਵਰੀ, 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਰਿਸ਼ਤੇਦਾਰ ਅਤੇ ਮੌੜ ਮੰਡੀ ਤੋਂ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਤੋਂ ਛੇਤੀ ਬਾਅਦ ਦੋ ਬੰਬ ਧਮਾਕੇ ਹੋਏ ਸਨ। ਉਨ੍ਹਾਂ ਧਮਾਕਿਆਂ ਨੇ ਸੱਤ ਵਿਅਕਤੀਆਂ ਦੀ ਜਾਨ ਲੈ ਲਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਡੀਆਈਜੀ ਪੁਲਿਸ ਰਣਜੀਤ ਸਿੰਘ ਖਟੜਾ ਦੀ ਅਗਵਾਈ ਹੇਠਲੀ ‘ਵਿਸ਼ੇਸ਼ ਜਾਂਚ ਟੀਮ’ (SIT) ਨੇ8 ਫ਼ਰਵਰੀ, 2018 ਨੂੰ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਚਾਰ ਜਣਿਆਂ ਨੂੰ ਗਵਾਹਾਂ ਦੇ ਤੌਰ ’ਤੇ ਪੇਸ਼ ਕੀਤਾ ਸੀ। ਇਹ ਗਵਾਹ ਦਰਅਸਲ ਡੇਰਾ ਸਿਰਸਾ ਦੀ ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਫ਼ਿਟਰ ਤੇ ਪੇਂਟਰ ਹਨ।
ਉਸ ਤੋਂ ਬਾਅਦ ਹੀ ਪੁਲਿਸ ਨੇ ਤਿੰਨ ਡੇਰਾ ਪ੍ਰੇਮੀਆਂ – ਗੁਰਤੇਜ ਸਿੰਘ ਕਾਲਾ ਵਾਸੀ ਡਬਵਾਲੀ (ਜ਼ਿਲ੍ਹਾ ਸਿਰਸਾ, ਹਰਿਆਣਾ), ਅਮਰੀਕ ਸਿੰਘ ਵਾਸੀ ਭੀਖੀ (ਜ਼ਿਲ੍ਹਾ ਮਾਨਸਾ, ਪੰਜਾਬ) ਜੋ ਵੁਂਝ ਸੰਗਰੂਰ ਦੇ ਬਾਦਲਗੜ੍ਹ ਵਿਖੇ ਰਹਿੰਦਾ ਰਿਹਾ ਦੱਸਿਆ ਜਾਂਦਾ ਹੈ ਅਤੇ ਅਵਤਾਰ ਸਿੰਘ ਵਾਸੀ ਮੇਸੀ ਮਾਜਰਾ (ਨੇੜੇ ਪੇਹੋਵਾ, ਹਰਿਆਣਾ) ਵਿਰੁੱਧ ਕੇਸ ਦਾਇਰ ਕੀਤਾ ਸੀ। 19 ਅਕਤੂਬਰ, 2018 ਨੂੰ ਉਨ੍ਹਾਂ ਨੂੰ ‘ਇਸ਼ਤਿਹਾਰੀ ਮੁਜਰਿਮ’ ਐਲਾਨ ਦਿੱਤਾ ਗਿਆ ਸੀ।
ਗੁਰਤੇਜ ਸਿੰਘ ਕਾਲਾ ਡੇਰੇ ਦੀ ਉਸ ਵਰਕਸ਼ਾਪ ਦਾ ਇੰਚਾਰਜ ਸੀ, ਜਿੱਥੇ ਉਸ ਮਾਰੂਤੀ ਸੁਜ਼ੂਕੀ 800 ਕਾਰ ਤਿਆਰ ਕੀਤੀ ਗਈ ਸੀ; ਜਿਹੜੀ ਧਮਾਕੇ ਕਰਨ ਲਈ ਵਰਤੀ ਗਈ ਸੀ। ਅਮਰੀਕ ਉਦੋਂ ਡੇਰਾ ਮੁਖੀ ਦਾ ਸੁਰੱਖਿਆ ਗਾਰਡ ਸੀ। ਅਵਤਾਰ ਇੱਕ ਇਲੈਕਟ੍ਰੀਸ਼ੀਅਨ ਸੀ, ਜਿਸ ਨੇ ਕਥਿਤ ਤੌਰ ’ਤੇ ਕਾਰ ਵਿੱਚ ਬੰਬ ਚੱਲਣ ਲਈ ਬੈਟਰੀਆਂ ਫ਼ਿੱਟ ਕਰਨ ਵਿੱਚ ਮਦਦ ਕੀਤੀ ਸੀ।
ਬਠਿੰਡਾ ਦੇ ਐੱਸਐੱਸਪੀ ਸ੍ਰੀ ਨਾਨਕ ਸਿੰਘ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ SIT ਦੇ ਵੀ ਮੈਂਬਰ ਹਨ, ਨੇ ਪਹਿਲਾਂ ਦੱਸਿਆ ਸੀ ਕਿ ਮੁਲਜ਼ਮਾਂ ਨੂੰ ਕਾਬੁ ਕਰਨ ਲਈ ਵਿਸ਼ੇਸ਼ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਸੀ ਕਿ ਇਸ ਬੰਬ ਧਮਾਕੇ ਦਾ ਮੰਤਵ ਤਾਂ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਤਦ ਵਾਰ–ਵਾਰ ਜਤਨਾਂ ਦੇ ਬਾਵਜੂਦ SIT ਦੇ ਮੁਖੀ ਸ੍ਰੀ ਖਟੜਾ ਨਾਲ ਸੰਪਰਕ ਨਹੀਂ ਹੋ ਸਕਿਆ ਸੀ।
ਇਸ ਦੌਰਾਨ ਮੌੜ ਬੰਬ ਧਮਾਕੇ ਦੇ ਪੀੜਤ ਜਿੱਥੇ ਇਸ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਮੰਗ ਕਰ ਰਹੇ ਹਨ, ਉੱਥੇ ਮ੍ਰਿਤਕਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕਰ ਰਹੇ ਹਨ। ਉਸ ਦਿਨ ਜਿਹੜੇ ਸੱਤ ਜਣੇ ਮਰੇ ਸਨ, ਉਨ੍ਹਾਂ ਵਿੱਚੋਂ ਪੰਜ ਬੱਚੇ ਸਨ, ਜਦ ਕਿ ਇੱਕ ਜਣਾ ਹਰਮਿੰਦਰ ਸਿੰਘ ਜੱਸੀ ਦੇ ਦਫ਼ਤਰ ਦਾ ਮੈਨੇਜਰ ਸੀ ਤੇ ਇੱਕ ਸੜਕਾਂ ’ਤੇ ਪਏ ਕੂੜਾ–ਕਰਕਟ ’ਚੋਂ ਕੁਝ ਕੰਮ ਦਾ ਸਾਮਾਨ ਚੁਗਣ ਵਾਲਾ ਵਿਅਕਤੀ (ਰੈਗ–ਪਿਕਰ) ਅਸ਼ੋਕ ਕੁਮਾਰ ਸੀ।
ਕੀਰਤਨ ਸਿੰਘ, ਜਿਨ੍ਹਾਂ ਮੌੜ ਬੰਬ ਧਮਾਕਿਆਂ ਦੌਰਾਨ ਆਪਣੇ 11 ਸਾਲਾ ਪੁੱਤਰ ਰਿਪਨਦੀਪ ਸਿੰਘ ਨੂੰ ਗੁਆਇਆ ਸੀ, ਨੇ ਕਿਹਾ: ‘ਸਰਕਾਰ ਨੇ ਕਿਸੇ ਵੀ ਪੀੜਤ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਨੌਕਰੀ ਮੁਹੱਈਆ ਨਹੀਂ ਕਰਵਾਈ। ਪੁਲਿਸ ਹਾਲੇ ਤੱਕ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੀ ਨਾਕਾਮ ਰਹੀ ਹੈ। ਇੰਝ ਜਾਪਦਾ ਹੈ ਕਿ ਜਿਵੇਂ ਸੂਬਾ ਸਰਕਾਰ ਇਨ੍ਹਾਂ ਧਮਾਕਿਆਂ ਪਿਛਲੀ ਸਾਜ਼ਿਸ਼ ਨੂੰ ਬੇਨਕਾਬ ਕਰਨਾ ਹੀ ਨਹੀਂ ਚਾਹੁੰਦੀ।’
ਖ਼ੁਸ਼ਦੀਪ ਸਿੰਘ, ਜਿਨ੍ਹਾਂ ਦੇ 15 ਸਾਲਾ ਬੱਚੇ ਜਪਸਿਮਰਨ ਸਿੰਘ ਦੀ ਉਨ੍ਹਾਂ ਧਮਾਕਿਆਂ ਦੌਰਾਨ ਮੌਤ ਹੋਈ ਸੀ, ਨੇ ਕਿਹਾ,‘ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਧਮਾਕਿਆਂ ਦੌਰਾਨ ਮਾਰੇ ਗਏ ਬੱਚਿਆਂ ਦੇ ਪਰਿਵਾਰ ਉਨ੍ਹਾਂ ’ਤੇ ਨਿਰਭਰ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਉਂਝ ਸਥਾਨਕ ਨਿਵਾਸੀਆਂ ਨੇ ਇਹ ਮੁੱਦਾ ਪਿਛਲੇ ਸਾਲ ਉਠਾਇਆ ਸੀ। ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਉਹ ਨਿਯਮ ਨਰਮ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਣਗੇ ਪਰ ਪੀੜਤ ਪਰਿਵਾਰਾਂ ਨੂੰ ਪਿੱਛੇ ਜਿਹੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤੋਂ ਚਿੱਠੀ ਮਿਲੀ ਹੈ, ਜਿਸ ਵਿੱਚ ਦਾਅਵਾ ਰੱਦ ਕਰ ਦਿੱਤਾ ਗਿਆ ਹੈ।’


